ਚੰਡੀਗੜ੍ਹ, 4 ਅਕਤੂਬਰ 2026 (ਦੀ ਪੰਜਾਬ ਵਾਇਰ)– ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੀ ਹਰ ਮਾਂ ਅਤੇ ਭੈਣ ਨੂੰ ‘ਮਾਵਾਂ-ਧੀਆਂ ਸਤਿਕਾਰ ਯੋਜਨਾ‘ ਦੀ ਬ੍ਰਾਂਡ ਅੰਬੈਸਡਰ ਐਲਾਨਦਿਆਂ ਇਸ ਪਹਿਲਕਦਮੀ ਨੂੰ ਆਪਣੀ ਕਿਸਮ ਦਾ ਪਹਿਲਾ ਸਮਾਜਿਕ ਇਨਕਲਾਬ ਕਰਾਰ ਦਿੱਤਾ, ਜੋ ਔਰਤਾਂ ਦੇ ਸਨਮਾਨ ਅਤੇ ਵਿੱਤੀ ਖ਼ੁਦਮੁਖਤਿਆਰੀ ਨੂੰ ਮਜ਼ਬੂਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ 75 ਲੱਖ ਤੋਂ ਵੱਧ ਔਰਤਾਂ ਦੀ ਪਹਿਲਾਂ ਹੀ ਰਜਿਸਟ੍ਰੇਸ਼ਨ ਹੋਣ ਅਤੇ ਸਨਮਾਨ ਰਾਸ਼ੀ ਵਜੋਂ 3,824.87 ਕਰੋੜ ਰੁਪਏ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੇ ਜਾਣ ਦੇ ਨਾਲ ਇਹ ਯੋਜਨਾ ਪੂਰੇ ਪੰਜਾਬ ਵਿੱਚ ਔਰਤਾਂ ਲਈ ਸਤਿਕਾਰ ਅਤੇ ਵਿੱਤੀ ਸ਼ਕਤੀਕਰਨ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰ ਰਹੀ ਹੈ।
ਇਹ ਮੌਕਾ ਉਸ ਵੇਲੇ ਭਾਵੁਕ ਹੋ ਗਿਆ, ਜਦੋਂ ਇਸ ਯੋਜਨਾ ਦੀ ਲਾਭਪਾਤਰੀ ਗੁਰਮੇਲ ਕੌਰ ਉਰਫ਼ ਮੇਲੋ, ਜੋ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਆਈ ਸੀ, ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੂੰ ਦੇਖਦਿਆਂ ਹੀ ਉਸ ਨੇ ਤੁਰੰਤ ਮੁੱਖ ਮੰਤਰੀ ਨੂੰ ਕਲਾਵੇ ਵਿੱਚ ਲੈ ਲਿਆ ਅਤੇ ਆਸ਼ੀਰਵਾਦ ਦਿੱਤਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿਆਰ ਤੇ ਸਤਿਕਾਰ ਦੇ ਪ੍ਰਤੀਕ ਵਜੋਂ ਉਸ ਨੂੰ ਤੋਹਫ਼ੇ ਭੇਟ ਕੀਤੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬੀਬੀ ਗੁਰਮੇਲ ਕੌਰ ਨੂੰ ਮਿਲ ਕੇ ਉਨ੍ਹਾਂ ਦੀ ਰੂਹ ਨੂੰ ਸਕੂਨ ਮਿਲਿਆ ਹੈ ਅਤੇ ਅਰਦਾਸ ਕੀਤੀ ਕਿ ਵਾਹਿਗੁਰੂ ਬੀਬੀ ਗੁਰਮੇਲ ਕੌਰ ਦੇ ਚਿਹਰੇ ‘ਤੇ ਹਮੇਸ਼ਾ ਮੁਸਕਰਾਹਟ ਬਣਾਈ ਰੱਖੇ।
ਇਹ ਦਿਲ ਨੂੰ ਛੂਹ ਲੈਣ ਵਾਲੀ ਵੀਡੀਓ ਸਾਂਝੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੂਜਨੀਕ ਮਾਤਾ ਜੀ, ਅੱਜ ਤੁਹਾਨੂੰ ਮਿਲ ਕੇ ਮੇਰੀ ਰੂਹ ਨੂੰ ਸੱਚਾ ਸਕੂਨ ਮਿਲਿਆ ਹੈ। ਵਾਹਿਗੁਰੂ ਤੁਹਾਡੇ ਚਿਹਰੇ ‘ਤੇ ਇਹ ਮੁਸਕਰਾਹਟ ਹਮੇਸ਼ਾ ਬਣਾਈ ਰੱਖੇ। ਤੁਹਾਡਾ ਪੁੱਤ ਹਮੇਸ਼ਾ ਪੰਜਾਬ ਦੀ ਸੇਵਾ ਵਿੱਚ ਡਟਿਆ ਰਹੇਗਾ। ਪੰਜਾਬ ਦੀਆਂ ਉਨ੍ਹਾਂ ਸਾਰੀਆਂ ਮਾਵਾਂ ਅਤੇ ਭੈਣਾਂ ਦਾ ਤਹਿ ਦਿਲੋਂ ਧੰਨਵਾਦ, ਜਿਨ੍ਹਾਂ ਨੇ ਸਤਿਕਾਰ ਯੋਜਨਾ ਨੂੰ ਸਫ਼ਲ ਬਣਾਇਆ।”
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਦੀ ਹਰ ਮਾਂ ਅਤੇ ਭੈਣ ‘ਮਾਵਾਂ-ਧੀਆਂ ਸਤਿਕਾਰ ਯੋਜਨਾ‘ ਦੀ ਬ੍ਰਾਂਡ ਅੰਬੈਸਡਰ ਹੈ। ਇਹ ਯੋਜਨਾ ਇੱਕ ਸਮਾਜਿਕ ਇਨਕਲਾਬ ਹੈ, ਜੋ ਸਾਡੀਆਂ ਮਾਵਾਂ ਅਤੇ ਧੀਆਂ ਦਾ ਆਤਮ-ਵਿਸ਼ਵਾਸ ਅਤੇ ਆਤਮ-ਸਨਮਾਨ ਵਧਾਏਗੀ।”
ਮੁੱਖ ਮੰਤਰੀ ਨੇ ਪਿੰਡ ਆਦਮਪੁਰਾ ਦੀ ਬੀਬੀ ਗੁਰਮੇਲ ਕੌਰ (ਮੇਲੋ) ਦਾ ਸਨਮਾਨ ਕੀਤਾ, ਜੋ ਇਸ ਯੋਜਨਾ ਦੀ ਲਾਂਚਿੰਗ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਾਫ਼ੀ ਚਰਚਿਤ ਹੋਈ ਸੀ।