ਅੰਮ੍ਰਿਤਸਰ ਵਿੱਚ ਗੈਰ-ਕਾਨੂੰਨੀ ਹਥਿਆਰ ਸਪਲਾਈ ਕਰਨ ਵਾਲੇ ਨੈੱਟਵਰਕਾਂ ਨਾਲ ਜੁੜੇ ਛੇ ਵਿਅਕਤੀ 14 ਪਿਸਤੌਲਾਂ ਸਮੇਤ ਕਾਬੂ

ਚੰਡੀਗੜ੍ਹ/ਅੰਮ੍ਰਿਤਸਰ, 10 ਨਵੰਬਰ 2026 (ਦੀ ਪੰਜਾਬ ਵਾਇਰ)– ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ, ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਛੇ ਵਿਅਕਤੀਆਂ ਨੂੰ 14 ਆਧੁਨਿਕ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕਰਕੇ ਗੈਰ-ਕਾਨੂੰਨੀ ਹਥਿਆਰ ਸਪਲਾਈ ਕਰਨ ਵਾਲੇ ਦੋ ਵੱਖ-ਵੱਖ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਬੌਬੀ ਸਿੰਘ ਅਤੇ ਰਵਿੰਦਰ ਸਿੰਘ ਉਰਫ਼ ਮੰਨਾ ਦੋਵੇਂ ਵਾਸੀ ਪਿੰਡ ਤਲਵੰਡੀ ਸ਼ੋਭਾ ਸਿੰਘ, ਤਰਨ ਤਾਰਨ; ਗੁਰਪ੍ਰੀਤ ਸਿੰਘ ਉਰਫ਼ ਪ੍ਰੀਤ ਵਾਸੀ ਪਿੰਡ ਖੋਹਾਲਾ ਅਤੇ ਮੌਜੂਦਾ ਪਤਾ ਮੈਕਸ ਸਿਟੀ ਜੰਡਪੀਰ ਕਲੋਨੀ, ਅੰਮ੍ਰਿਤਸਰ; ਕਮਲ ਵਾਸੀ ਸੰਧੂ ਕਲੋਨੀ ਅੰਮ੍ਰਿਤਸਰ; ਅਜੈ ਸਿੰਘ ਉਰਫ਼ ਕਾਕਾ ਵਾਸੀ ਏਸਮਾ ਅਸਟੇਟ ਅੰਮ੍ਰਿਤਸਰ ਅਤੇ ਸਵਰਨ ਸਿੰਘ ਵਾਸੀ ਸੈਕਟਰ 17, ਪੰਚਕੂਲਾ, ਹਰਿਆਣਾ ਵਜੋਂ ਹੋਈ ਹੈ।

ਬਰਾਮਦ ਕੀਤੇ ਪਿਸਤੌਲਾਂ ਵਿੱਚ ਇੱਕ .30 ਬੋਰ ਟਿਸਾਸ ਜ਼ਿਗਾਨਾ, ਇੱਕ .30 ਬੋਰ ਜ਼ਿਗਾਨਾ ਈਗਲ, ਇੱਕ .30 ਬੋਰ (ਚਾਈਨਾ ਵਿੱਚ ਬਣੀ), ਦੋ ਐਮਐਮ ਪਿਸਤੌਲ, ਸੱਤ .30 ਬੋਰ ਪਿਸਤੌਲ ਅਤੇ ਦੋ .32 ਬੋਰ ਪਿਸਤੌਲ ਸ਼ਾਮਲ ਹਨ।

Leave a Reply

Your email address will not be published. Required fields are marked *