ਪੰਜਾਬ ਦੇ ਕਿਸਾਨਾਂ ਨੂੰ ਸਿੰਚਾਈ ਲਈ ਸਤਹੀ ਪਾਣੀ ਦੀ ਵਰਤੋਂ ਕਰਨ ਵਾਸਤੇ ਪਿੰਡ ਪੱਧਰੀ ਕੈਂਪ ਲਗਾ ਕੇ ਪ੍ਰੇਰਿਤ ਕੀਤਾ ਜਾਵੇਗਾ। ਇਹ ਪ੍ਰਗਟਾਵਾ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਵਿਭਾਗ ਦੀ ਸਮੀਖਿਆ ਮੀਟਿੰਗ ਦੌਰਾਨ ਕੀਤਾ।
ਮੀਟਿੰਗ ਦੌਰਾਨ ਜਲ ਸਰੋਤ ਮੰਤਰੀ ਸ੍ਰੀ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਹਰ ਖੇਤ ਤੱਕ ਪਾਣੀ ਪਹੁੰਚਾਉਣਾ ਹੈ ਅਤੇ ਇਸ ਮੰਤਵ ਨੂੰ ਪੂਰਾ ਕਰਨ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਪ੍ਰਮੁੱਖ ਸਕੱਤਰ ਜਲ ਸਰੋਤ ਸ੍ਰੀ ਕ੍ਰਿਸ਼ਨ ਕੁਮਾਰ ਤੋਂ ਵਿਭਾਗ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜਾ ਲਿਆ।
ਪ੍ਰਮੁੱਖ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਜਲ ਸਰੋਤ ਮੰਤਰੀ ਨੂੰ ਦੱਸਿਆ ਕਿ ਵਿਭਾਗ ਦੇ ਨਹਿਰੀ ਪ੍ਰਸ਼ਾਸ਼ਨ ਵੱਲੋਂ ਵਿੱਤੀ ਸਾਲ 2024-25 ਦੌਰਾਨ ਕੁਲ 401 ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਮੰਤਰੀ ਨੂੰ ਚਕਬੰਦੀ ਦੇ ਕੰਮਾਂ ਦੀ ਪ੍ਰਗਤੀ, ਹੜ੍ਹਾਂ ਦੀ ਰੋਕਥਾਮ ਸਬੰਧੀ ਕੀਤੇ ਜਾ ਰਹੇ ਕੰਮ ਅਤੇ ਸੂਬੇ ਵਿੱਚ ਬਾਂਸ ਦੇ ਪੌਦੇ ਲਗਾਉਣ ਸਬੰਧੀ ਚੱਲ ਰਹੇ ਕੰਮਾਂ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਮੰਤਰੀ ਨੇ ਵਿਭਾਗ ਦੇ ਪ੍ਰਗਤੀ ਅਧੀਨ ਕੰਮਾਂ ਨੂੰ ਸਮਾਂਬੱਧ ਤਰੀਕੇ ਨਾਲ ਨਿਪਟਾਉਣ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਨਹਿਰਾਂ ਦੀ ਸਾਂਭ-ਸੰਭਾਲ, ਰੁੱਖ ਲਗਾਉਣ ਅਤੇ ਜਲਘਰਾਂ ਦੀ ਲਾਈਨਿੰਗ ਅਤੇ ਸਫਾਈ ਵਰਗੀਆਂ ਗਤੀਵਿਧੀਆਂ ਲਈ ਮਨਰੇਗਾ ਸਕੀਮ ਦਾ ਲਾਭ ਉਠਾਉਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ।
ਮੰਤਰੀ ਨੇ ਵਿਭਾਗ ਦੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚੱਲ ਰਹੇ ਪ੍ਰੋਜੈਕਟਾਂ ਦੀ ਗੁਣਵੱਤਾ ਦੇ ਮਾਪਦੰਡਾਂ ਨੂੰ ਪੂਰਾ ਕਰਨਾ ਯਕੀਨੀ ਬਣਾਇਆ ਜਾਵੇ।
ਮੀਟਿੰਗ ਵਿੱਚ ਮੁੱਖ ਇੰਜੀਨੀਅਰ ਨਹਿਰਾਂ ਸ਼ੇਰ ਸਿੰਘ, ਮੁੱਖ ਇੰਜੀਨੀਅਰ ਡਰੇਨੇਜ ਹਰਿੰਦਰ ਸਿੰਘ ਬੇਦੀ, ਮੁੱਖ ਇੰਜੀਨੀਅਰ ਡਿਜ਼ਾਈਨ ਪਵਨ ਕਪੂਰ, ਮੁੱਖ ਇੰਜੀਨੀਅਰ ਵਿਜੀਲੈਂਸ ਹਰਦੀਪ ਮਹਿੰਦੀਰੱਤਾ, ਮੁੱਖ ਇੰਜੀਨੀਅਰ ਡੈਮ ਵਰਿੰਦਰ ਕੁਮਾਰ, ਸੁਪਰਡੈਂਟ ਅਤੇ ਕਾਰਜਕਾਰੀ ਇੰਜੀਨੀਅਰਾਂ ਦੇ ਸਮੇਤ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।