23 ਫਰਵਰੀ ਤੋਂ ਪੰਜਾਬ ਦੀ ਸੱਭਿਆਚਾਰਕ ਸ਼ਾਨ, ਪਰੰਪਰਾਵਾਂ ਦੀ ਜੀਵੰਤ ਝਲਕ ਦਰਸਾਉਣ ਲਈ ਕਰਵਾਇਆ ਜਾਵੇਗਾ 7 ਰੋਜ਼ਾ ਮੈਗਾ ‘ਰੰਗਲਾ ਪੰਜਾਬ’ ਸਮਾਗਮ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ, ਪੰਜਾਬ ਸਰਕਾਰ ਅੰਮ੍ਰਿਤਸਰ ਦੇ ਇਤਿਹਾਸਕ ਸ਼ਹਿਰ ਵਿੱਚ 23 ਫਰਵਰੀ ਤੋਂ 29 ਫਰਵਰੀ ਤੱਕ ਕਰਵਾਏ ਜਾ ਰਹੇ ਪਹਿਲੇ ਸੈਰ-ਸਪਾਟਾ ਨਿਵੇਸ਼ਕ ਸੰਮੇਲਨ ਵਿੱਚ “ਰੰਗਲਾ ਪੰਜਾਬ” ਪਹਿਲਕਦਮੀ ਜ਼ਰੀਏ ਸੂਬੇ ਦੀਆਂ ਜੀਵੰਤ ਪਰੰਪਰਾਵਾਂ, ਕਲਾਵਾਂ ਅਤੇ ਰੀਤੀ-ਰਿਵਾਜਾਂ ਦੀ ਝਲਕ ਪੇਸ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਦੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਸੱਭਿਆਚਾਰਕ ਕੇਂਦਰ ਅੰਮ੍ਰਿਤਸਰ ਵਿਖੇ 7 ਦਿਨਾਂ ਤੱਕ ਚੱਲਣ ਵਾਲੇ ਇਸ ਵਿਸ਼ਾਲ ਸਮਾਗਮ ਦਾ ਉਦਘਾਟਨ 23 ਫਰਵਰੀ, 2024 ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ਾਮ ਨੂੰ ਕੀਤਾ ਜਾਵੇਗਾ, ਜੋ ਪੰਜਾਬ ਦੀ ਅਮੀਰ ਵਿਰਾਸਤ ਨੂੰ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਚਾਨਣ ਮੁਨਾਰੇ ਦਾ ਕੰਮ ਕਰੇਗਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਸਮਾਗਮ ਸਾਹਿਤ, ਭੋਜਨ ਪਦਾਰਥਾਂ, ਸੰਗੀਤ, ਜੋਸ਼ ਤੇ ਜਜ਼ਬੇ ਅਤੇ ਪੰਜਾਬ ਦੀ ‘ਸੇਵਾ ਭਾਵਨਾ’ ਵਰਗੇ ਵਿਸ਼ਿਆਂ ‘ਤੇ ਕੇਂਦਰਿਤ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਟੂਰਿਜ਼ਮ ਸਮਿਟ ਅਤੇ ਟਰੈਵਲ ਮਾਰਟ ਦੀ ਸਫ਼ਲਤਾ ਉਪਰੰਤ ਇਸ ਸਮਾਗਮ ਦੀ ਕਲਪਨਾ ਕੀਤੀ ਗਈ ਸੀ।
ਅਨਮੋਲ ਗਗਨ ਮਾਨ ਨੇ ਕਿਹਾ ਕਿ ਰੰਗਲਾ ਪੰਜਾਬ ਈਵੈਂਟ ਦਾ ਉਦੇਸ਼ ਵਿਸ਼ਵ ਭਰ ਦੇ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਮਨੋਰੰਜਨ ਭਰੇ ਪ੍ਰਦਰਸ਼ਨਾਂ ਦਾ ਸ਼ਾਨਦਾਰ ਅਨੁਭਵ ਪ੍ਰਦਾਨ ਕਰਨਾ ਹੈ। ਮਨੋਰੰਜਨ ਤੋਂ ਇਲਾਵਾ, ਇਹ ਸਮਾਗਮ ਆਉਣ ਵਾਲੀਆਂ ਪੀੜ੍ਹੀਆਂ ਲਈ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਦਿਆਂ ਭਾਈਚਾਰਿਆਂ ਵਿੱਚ ਆਪਸੀ ਏਕਤਾ ਅਤੇ ਸਨਮਾਨ ਨੂੰ ਵਧਾਉਣ ਦੇ ਉਦੇਸ਼ ‘ਤੇ ਕੇਂਦਰਿਤ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਫੈਸਟੀਵਲ ਦੀ ਸ਼ੁਰੂਆਤ 23 ਫਰਵਰੀ ਨੂੰ ਖਾਲਸਾ ਕਾਲਜ, ਅੰਮ੍ਰਿਤਸਰ ਵਿਖੇ ਕਰਵਾਏ ਜਾਣ ਵਾਲੇ ਸ਼ਾਨਦਾਰ ਉਦਘਾਟਨੀ ਸਮਾਰੋਹ ਸਮੇਤ ਹੋਰ ਵੱਖ-ਵੱਖ ਸਮਾਗਮਾਂ ਨਾਲ ਹੋਵੇਗੀ। ਇਸ ਰਾਸ਼ਟਰੀ/ਸੂਬਾ ਪੱਧਰੀ ਸੱਭਿਆਚਾਰਕ ਸ਼ਾਮ ਦੌਰਾਨ ਦਰਸ਼ਕਾਂ ਲਈ ਮਨਮੋਹਕ ਸੱਭਿਆਚਾਰਕ ਪੇਸ਼ਕਾਰੀਆਂ ਪੇਸ਼ ਕੀਤੀਆਂ ਜਾਣਗੀਆਂ। ਇਸ ਸਮਾਗਮ ਦੌਰਾਨ ਉੱਘੇ ਗਾਇਕ ਸੁਖਵਿੰਦਰ ਸਿੰਘ ਦੀ ਸ਼ਾਨਦਾਰ ਪੇਸ਼ਕਾਰੀ ਖਿੱਚ ਦਾ ਕੇਂਦਰ ਹੋਵੇਗੀ।

Leave a Reply

Your email address will not be published. Required fields are marked *