*ਕੇਜਰੀਵਾਲ ਅਤੇ ਸਿਸੋਦੀਆ ਨੂੰ ਮਿਲੀ ਕਲੀਨ ਚਿੱਟ, ਇਮਾਨਦਾਰ ਰਾਜਨੀਤੀ ਦੀ ਜਿੱਤ: ਹਰਦੀਪ ਸਿੰਘ ਮੁੰਡੀਆਂ*

*ਚੰਡੀਗੜ੍ਹ, 27 ਫਰਵਰੀ 2026*

ਦਿੱਲੀ ਦੀ ਅਦਾਲਤ ਵੱਲੋਂ ਕਥਿਤ ਸ਼ਰਾਬ ਘੁਟਾਲੇ ਵਿੱਚ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੂੰ ਬਰੀ ਕੀਤੇ ਜਾਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਵਿਰੋਧੀਆਂ ‘ਤੇ ਤਿੱਖਾ ਹਮਲਾ ਬੋਲਿਆ ਹੈ। ਮੁੰਡੀਆਂ ਨੇ ਕਿਹਾ ਕਿ ਅੱਜ ਦਾ ਦਿਨ ਲੋਕਤੰਤਰ ਲਈ ਇਤਿਹਾਸਕ ਹੈ, ਕਿਉਂਕਿ ਅਦਾਲਤੀ ਫੈਸਲੇ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਵਿਰੁੱਧ ਰਚਿਆ ਗਿਆ ਪੂਰਾ ਮਾਮਲਾ ਸਿਰਫ਼ ਤੇ ਸਿਰਫ਼ ਸਿਆਸੀ ਬਦਲਾਖੋਰੀ ਦੀ ਭਾਵਨਾ ਤੋਂ ਪ੍ਰੇਰਿਤ ਇੱਕ ‘ਕੋਰਾ ਝੂਠ’ ਸੀ। ਮੁੰਡੀਆਂ ਨੇ ਵਿਰੋਧੀਆਂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਜੋ ਲੋਕ ਕੱਲ੍ਹ ਤੱਕ ਟੀਵੀ ‘ਤੇ ਬੈਠ ਕੇ ‘ਕੱਟੜ ਇਮਾਨਦਾਰੀ’ ਦਾ ਮਜ਼ਾਕ ਉਡਾ ਰਹੇ ਸਨ, ਅੱਜ ਉਨ੍ਹਾਂ ਨੂੰ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੇ ਦਿੱਲੀ ਦੇ ਬੱਚਿਆਂ ਦਾ ਭਵਿੱਖ ਸੁਧਾਰਨ ਲਈ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਸੀ, ਜਿਸ ਨੂੰ ਰੋਕਣ ਲਈ ਉਨ੍ਹਾਂ ਨੂੰ ਮਹੀਨਿਆਂ ਤੱਕ ਸਲਾਖਾਂ ਪਿੱਛੇ ਰੱਖਿਆ ਗਿਆ। ਉਨ੍ਹਾਂ ਤੰਜ ਕੱਸਦਿਆਂ ਕਿਹਾ ਕਿ “ਸੱਚ ਪਰੇਸ਼ਾਨ ਹੋ ਸਕਦਾ ਹੈ, ਪਰ ਹਾਰ ਨਹੀਂ ਸਕਦਾ” ਅਤੇ ਇਸ ਫੈਸਲੇ ਨੇ ਭਾਜਪਾ ਵਾਲਿਆਂ ਦੇ ਮੂੰਹ ‘ਤੇ ਕਰਾਰੀ ਚਪੇੜ ਮਾਰੀ ਹੈ। ਇਸ ਵੱਡੀ ਕਾਨੂੰਨੀ ਜਿੱਤ ‘ਤੇ ਆਪਣੀ ਡੂੰਘੀ ਆਸਥਾ ਪ੍ਰਗਟ ਕਰਦੇ ਹੋਏ ਹਰਦੀਪ ਸਿੰਘ ਮੁੰਡੀਆਂ ਨੇ ਪਰਮਾਤਮਾ ਅਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ, “ਮੈਂ ਗੁਰੂ ਸਾਹਿਬ ਦਾ ਕੋਟਿ-ਕੋਟਿ ਧੰਨਵਾਦ ਕਰਦਾ ਹਾਂ, ਜਿਨ੍ਹਾਂ ਦੀ ਮਿਹਰ ਸਦਕਾ ਅੱਜ ਸੱਚਾਈ ਦੀ ਜਿੱਤ ਹੋਈ ਹੈ। ਗੁਰੂ ਸਾਹਿਬ ਨੇ ਹਮੇਸ਼ਾ ਜ਼ੁਲਮ ਅਤੇ ਝੂਠ ਵਿਰੁੱਧ ਲੜਨ ਦਾ ਸਾਹਸ ਦਿੱਤਾ ਹੈ ਅਤੇ ਅੱਜ ਉਨ੍ਹਾਂ ਦੇ ਅਸ਼ੀਰਵਾਦ ਨਾਲ ਆਮ ਆਦਮੀ ਪਾਰਟੀ ਦੇ ਨਿਰਦੋਸ਼ ਆਗੂਆਂ ਨੂੰ ਇਨਸਾਫ਼ ਮਿਲਿਆ ਹੈ। ਇਹ ਜਿੱਤ ਸਿਰਫ਼ ਸਾਡੀ ਨਹੀਂ, ਸਗੋਂ ਦੇਸ਼ ਦੇ ਕਰੋੜਾਂ ਲੋਕਾਂ ਦੀਆਂ ਦੁਆਵਾਂ ਅਤੇ ਵਿਸ਼ਵਾਸ ਦੀ ਜਿੱਤ ਹੈ।”

Leave a Reply

Your email address will not be published. Required fields are marked *