ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਸੂਬਾ ਸਰਕਾਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਕਸ਼ੇ-ਕਦਮਾਂ ‘ਤੇ ਚੱਲ ਰਹੀ ਹੈ ਤਾਂ ਜੋ ਸਮਾਜ ਦੇ ਹਰ ਵਰਗ ਦੀ ਭਲਾਈ ਯਕੀਨੀ ਬਣਾਈ ਜਾ ਸਕੇ।
ਇੱਥੇ ਮਹਾਰਾਜਾ ਦੀ ਬਰਸੀ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਇਕ ਮਹਾਨ ਬਾਦਸ਼ਾਹ ਸਨ, ਜਿਨ੍ਹਾਂ ਨੇ ਮਹਾਨ ਸਿੱਖ ਗੁਰੂਆਂ ਵੱਲੋਂ ਪ੍ਰਚਾਰੇ ਗਏ ਧਰਮ ਨਿਰਪੱਖਤਾ ਅਤੇ ਸਮਾਜਵਾਦ ਦੇ ਸਿਧਾਂਤਾਂ ਨੂੰ ਸਹੀ ਮਾਅਨਿਆਂ ਵਿੱਚ ਲਾਗੂ ਕੀਤਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਇਕ ਸੱਚਾ ਸਿੱਖ ਹੋਣ ਦੇ ਨਾਤੇ ਨਿਆਂ ਵਿਵਸਥਾ ਅਤੇ ਆਪਣੀ ਜਨਤਾ ਦੀ ਭਲਾਈ ਯਕੀਨੀ ਬਣਾਈ ਅਤੇ ਲੋਕਾਂ ਦੀ ਦਿੱਕਤਾਂ ਨੂੰ ਮਹਿਸੂਸ ਕਰਨ ਲਈ ਰਾਤ ਨੂੰ ਭੇਸ ਬਦਲ-ਬਦਲ ਕੇ ਆਪਣੇ ਰਾਜ ਦਾ ਦੌਰਾ ਵੀ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਪ੍ਰਤੀ ਪਿਆਰ ਅਤੇ ਸਨੇਹ ਕਾਰਨ ਹੀ ਮਹਾਰਾਜਾ ਰਣਜੀਤ ਸਿੰਘ ਲੋਕਾਂ ਦੇ ਸੱਚੇ ਬਾਦਸ਼ਾਹ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਸਿੱਖ ਸਾਮਰਾਜ ਦੇ ਮੋਢੀ ਸਨ, ਜਿਨ੍ਹਾਂ ਦਾ ਰਾਜ ਪੱਛਮ ਵਿੱਚ ਖੈਬਰ ਦੱਰੇ ਤੋਂ ਲੈ ਕੇ ਉੱਤਰ ਵਿੱਚ ਕਸ਼ਮੀਰ, ਦੱਖਣ ਵਿੱਚ ਸਿੰਧ ਅਤੇ ਪੂਰਬ ਵਿੱਚ ਤਿੱਬਤ ਤੱਕ ਫੈਲਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਨਕਸ਼ੇ-ਕਦਮ ‘ਤੇ ਚੱਲਦਿਆਂ ਸੂਬਾ ਸਰਕਾਰ ਨੇ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਕਈ ਲੋਕ ਪੱਖੀ ਸਕੀਮਾਂ ਸ਼ੁਰੂ ਕੀਤੀਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਨਦਾਰ ਵਿਰਾਸਤ ਨੂੰ ਸੰਭਾਲਣ ਲਈ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਉਹ ਖ਼ੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਸੰਤ ਬਾਬਾ ਅਤਰ ਸਿੰਘ ਜੀ ਵੱਲੋਂ ਬਖਸ਼ਿਸ਼ ਕੀਤੇ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਉਨ੍ਹਾਂ ਸਮਿਆਂ ਵਿੱਚ ਬਾਦਸ਼ਾਹ ਹੋਣ ਦੇ ਬਾਵਜੂਦ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲੀ ਸਜ਼ਾ ਨੂੰ ਸਹਿਜੇ ਹੀ ਸਵੀਕਾਰ ਕਰਦੇ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਪ੍ਰਬੰਧ ਦੇਣ ਦਾ ਦਾਅਵਾ ਕਰਨ ਵਾਲੇ ਸੂਬੇ ਦੇ ਪਿਛਲੇ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਰਬਉੱਚਤਾ ਨੂੰ ਖੋਰਾ ਲਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।
ਮੁੱਖ ਮੰਤਰੀ ਨੇ ਅਫਸੋਸ ਜ਼ਾਹਰ ਕੀਤਾ ਕਿ ਸੂਬੇ ਦੀਆਂ ਪਿਛਲੀਆਂ ਸਰਕਾਰਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਇਸ ਪਵਿੱਤਰ ਧਰਤੀ ਨੂੰ ਨਜ਼ਰਅੰਦਾਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਪਿਛਲੀਆਂ ਸਰਕਾਰਾਂ ਨੇ ਸੂਬੇ ਵਿੱਚ ਡਰੱਗ ਮਾਫੀਆ ਨੂੰ ਵਧਣ-ਫੁੱਲਣ ਦਿੱਤਾ, ਜਿਸ ਕਾਰਨ ਸੂਬੇ ਦੀ ਨੌਜਵਾਨ ਪੀੜ੍ਹੀ ਬਰਬਾਦ ਹੋ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ, ਸ਼ਹੀਦ ਰਾਜਗੁਰੂ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ ਆਦਿ ਮਹਾਨ ਸ਼ਹੀਦਾਂ ਨੇ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ ਜਦਕਿ ਸੂਬੇ ਦੇ ਪਿਛਲੇ ਸ਼ਾਸਕਾਂ ਨੇ ਸੂਬੇ ਨੂੰ ਲੁੱਟਣ ਅਤੇ ਬਰਬਾਦ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ।