ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਉੱਤੇ ਚੋਣ ਲੜ ਰਹੇ 328 ਉਮੀਦਵਾਰਾਂ ਨੂੰ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹਾ ਚੋਣ ਅਧਿਕਾਰੀਆਂ ਵੱਲੋਂ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਕੁੱਲ 328 ਉਮੀਦਵਾਰਾਂ ਵਿੱਚੋਂ 169 ਆਜ਼ਾਦ ਉਮੀਦਵਾਰ ਚੋਣ ਲੜ ਰਹੇ ਹਨ।
ਉਨ੍ਹਾਂ ਦੱਸਿਆ ਕਿ ਵੋਟਰ ਇਨ੍ਹਾਂ ਸਾਰੇ ਉਮੀਦਵਾਰਾਂ ਦੇ ਵੇਰਵੇ ਅਤੇ ਚੋਣ ਕਮਿਸ਼ਨ ਕੋਲ ਜਮ੍ਹਾਂ ਕਰਵਾਏ ਐਫੀਡੈਬਿਟ ਮੋਬਾਈਲ ਦੇ ਕੇਵਾਈਸੀ ਐਪ (KYC App) ਉੱਤੇ ਦੇਖ ਸਕਦੇ ਹਨ।
ਜਾਣਕਾਰੀ ਦਿੰਦਿਆ ਸਿਬਿਨ ਸੀ ਨੇ ਦੱਸਿਆ ਕਿ ਗੁਰਦਾਸਪੁਰ ਤੋਂ 26 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚ 14 ਆਜ਼ਾਦ ਉਮੀਦਵਾਰ ਸ਼ਾਮਲ ਹਨ, ਜਦਕਿ ਅੰਮ੍ਰਿਤਸਰ ਤੋਂ 30 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚ ਆਜ਼ਾਦ ਉਮੀਦਵਾਰਾਂ ਦੀ ਗਿਣਤੀ 18 ਹੈ। ਉੱਥੇ ਹੀ ਖਡੂਰ ਸਾਹਿਬ ਤੋਂ 27 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਨ੍ਹਾਂ ਵਿੱਚ 18 ਆਜ਼ਾਦ ਉਮੀਦਵਾਰ ਹਨ।
ਜਲੰਧਰ ਤੋਂ 20 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚ 8 ਆਜ਼ਾਦ ਉਮੀਦਵਾਰ ਸ਼ਾਮਲ ਹਨ। ਹੁਸ਼ਿਆਰਪੁਰ ਤੋਂ ਕੁੱਲ 16 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚੋਂ ਆਜ਼ਾਦ ਉਮੀਦਵਾਰਾਂ ਦੀ ਗਿਣਤੀ 4 ਹੈ। ਆਨੰਦਪੁਰ ਸਾਹਿਬ ਤੋਂ ਕੁੱਲ 28 ਉਮੀਦਵਾਰਾਂ ਵਿੱਚੋਂ 13 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਹਨ।
ਲੁਧਿਆਣਾ ਤੋਂ 43 ਉਮੀਦਵਾਰਾਂ ਵਿੱਚੋਂ 26 ਆਜ਼ਾਦ ਉਮੀਦਵਾਰ ਚੋਣਾਂ ਲੜ ਰਹੇ ਹਨ। ਫਤਿਹਗੜ੍ਹ ਸਾਹਿਬ ਤੋਂ ਕੁੱਲ 14 ਉਮੀਦਵਾਰਾਂ ਵਿੱਚੋਂ 7 ਆਜ਼ਾਦ ਉਮੀਦਵਾਰ ਚੋਣਾਂ ਲੜ ਰਹੇ ਹਨ। ਫਰੀਦਕੋਟ ਤੋਂ ਕੁੱਲ 28 ਉਮੀਦਵਾਰਾਂ ਵਿੱਚੋਂ 12 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਹਨ।
ਫਿਰੋਜ਼ਪੁਰ ਤੋਂ ਕੁੱਲ 29 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚ 17 ਆਜ਼ਾਦ ਉਮੀਦਵਾਰ ਸ਼ਾਮਲ ਹਨ। ਬਠਿੰਡਾ ਤੋਂ ਕੁੱਲ 18 ਉਮੀਦਵਾਰਾਂ ਵਿੱਚ 8 ਆਜ਼ਾਦ ਉਮੀਦਵਾਰ ਸ਼ਾਮਲ ਹਨ। ਸੰਗਰੂਰ ਤੋਂ 23 ਉਮੀਦਵਾਰਾਂ ਵਿੱਚੋਂ 9 ਆਜ਼ਾਦ ਉਮੀਦਵਾਰ ਚੋਣਾਂ ਲੜ ਰਹੇ ਹਨ ਜਦਕਿ ਪਟਿਆਲਾ ਤੋਂ 26 ਉਮੀਦਵਾਰਾਂ ਵਿੱਚੋਂ 15 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਉੱਤਰੇ ਹਨ।
ਸਿਬਿਨ ਸੀ ਨੇ ਦੱਸਿਆ ਕਿ ਚੋਣ ਤਿਆਰੀਆਂ ਅੰਤਿਮ ਪੜਾਅ ਉੱਤੇ ਹਨ ਅਤੇ 1 ਜੂਨ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ।