ਜਲੰਧਰ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ (ਆਪ) ਨੇ ਕਾਂਗਰਸ ਪਾਰਟੀ ਦੀ ਉਮੀਦਵਾਰ ਸੁਰਿੰਦਰ ਕੌਰ ਦੇ ਬੇਟੇ ‘ਤੇ ਜ਼ਮੀਨ ਘੁਟਾਲੇ ਦਾ ਦੋਸ਼ ਲਗਾਇਆ ਹੈ। ਪਾਰਟੀ ਨੇ ਕਿਹਾ ਕਿ ਉਨਾਂਂ ਦੇ ਬੇਟੇ ਕਰਨ ਨੇ ਸੀਨੀਅਰ ਡਿਪਟੀ ਮੇਅਰ ਵਜੋਂ ਆਪਣੀ ਮਾਂ ਦੇ ਅਹੁਦੇ ਦੀ ਦੁਰਵਰਤੋਂ ਕੀਤੀ ਅਤੇ ਇਸ ਦਾ ਵਿੱਤੀ ਫਾਇਦਾ ਉਠਾਇਆ।
ਐਤਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਇਸ ਮਾਮਲੇ ਦਾ ਖੁਲਾਸਾ ਕਰਦਿਆਂ ‘ਆਪ’ ਆਗੂ ਪਵਨ ਕੁਮਾਰ ਟੀਨੂੰ ਨੇ ਦੱਸਿਆ ਕਿ ਦਿਓਲ ਨਗਰ ਵਿੱਚ ਕੋਕਾ ਕੋਲਾ ਕੰਪਨੀ ਦੀ 125 ਮਰਲੇ ਜ਼ਮੀਨ ਸੀ। ਪਹਿਲਾਂ ਉਸ ਜ਼ਮੀਨ ‘ਤੇ ਕੋਕਾ ਕੋਲਾ ਡਿਪੂ ਸੀ। ਕੰਪਨੀ ਨੇ ਉਸ ਨੂੰ ਕਮਰਸ਼ੀਅਲ ਸ਼੍ਰੇਣੀ ਵਿੱਚ ਕਰਵਾਇਆ ਸੀ। ਜਦੋਂ ਸੁਰਿੰਦਰ ਕੌਰ ਸੀਨੀਅਰ ਡਿਪਟੀ ਮੇਅਰ ਸਨ ਤਾਂ ਉਨ੍ਹਾਂ ਦੇ ਪੁੱਤਰ ਕਰਨ ਨੇ ਉਹ ਜ਼ਮੀਨ ਕੋਕਾ ਕੋਲਾ ਕੰਪਨੀ ਤੋਂ ਖਰੀਦੀ ਸੀ। ਹੁਣ ਉਹ ਉਸ ਕਮਰਸ਼ੀਅਲ ਜ਼ਮੀਨ ਨੂੰ ਰਿਹਾਇਸ਼ੀ ਪਲਾਟ ਵਿੱਚ ਤਬਦੀਲ ਕਰਕੇ ਨਾਜਾਇਜ਼ ਤੌਰ ’ਤੇ ਵੇਚ ਰਿਹਾ ਹੈ। ਪ੍ਰੈਸ ਕਾਨਫਰੰਸ ਵਿੱਚ ਟੀਨੂੰ ਦੇ ਨਾਲ ਆਪ ਆਗੂ ਰਾਜਵਿੰਦਰ ਕੌਰ ਥਿਆੜਾ ਵੀ ਮੌਜੂਦ ਸਨ।
ਟੀਨੂੰ ਨੇ ਕਿਹਾ ਕਿ ਉਸ ਦੇ ਐਨਓਸੀ ਲਈ ਜਮ੍ਹਾਂ ਕਰਵਾਏ ਗਏ ਦਸਤਾਵੇਜ਼ ਵੀ ਜਾਅਲੀ ਹਨ। ਉਨ੍ਹਾਂ ਮੀਡੀਆ ਨੂੰ ਆਪਣੇ ਪੁੱਤਰ ਕਰਨ ਦੀ ਫੋਟੋ ਵਾਲੇ ਕੁਝ ਦਸਤਾਵੇਜ਼ ਵੀ ਦਿਖਾਏ ਅਤੇ ਕਿਹਾ ਕਿ ਇਹ ਅਹੁਦੇ ਦੀ ਦੁਰਵਰਤੋਂ ਅਤੇ ਭ੍ਰਿਸ਼ਟਾਚਾਰ ਦੀ ਜਿਉਂਦੀ ਜਾਗਦੀ ਮਿਸਾਲ ਹੈ।
ਉਨ੍ਹਾਂ ਕਿਹਾ ਕਿ ਪੂਰੇ ਜਲੰਧਰ ਸ਼ਹਿਰ ਵਿੱਚ ਸੀਵਰੇਜ ਦੀ ਸਮੱਸਿਆ ਹੈ ਪਰ ਸੁਰਿੰਦਰ ਕੌਰ ਨੇ ਸੀਨੀਅਰ ਡਿਪਟੀ ਮੇਅਰ ਹੁੰਦਿਆਂ ਨਿਗਮ ਦੀ ਮਨਜ਼ੂਰੀ ਤੋਂ ਬਿਨਾਂ ਉਸ ਜ਼ਮੀਨ ਨੂੰ ਸੀਵਰੇਜ ਸਿਸਟਮ ਨਾਲ ਜੋੜ ਦਿੱਤਾ ਕਿਉਂਕਿ ਉਨ੍ਹਾਂ ਦਾ ਮਕਸਦ ਸਿਰਫ਼ ਪੈਸਾ ਕਮਾਉਣਾ ਸੀ। ਉਨ੍ਹਾਂ ਕਿਹਾ ਕਿ ਜਦੋਂ ਡਿਪਟੀ ਮੇਅਰ ਹੁੰਦਿਆਂ ਸੁਰਿੰਦਰ ਕੌਰ ਨੇ ਇੰਨੀ ਧਾਂਦਲੀ ਕੀਤੀ ਸੀ ਤਾਂ ਸੋਚੋ ਕਿ ਉਹ ਵਿਧਾਇਕ ਬਣ ਕੇ ਕੀ ਕਰੇਗੀ! ਫਿਰ ਉਹ ਭ੍ਰਿਸ਼ਟਾਚਾਰ ਦੇ ਰਿਕਾਰਡ ਤੋੜ ਦੇਵੇਗੀ।
ਉਨ੍ਹਾਂ ਕਿਹਾ ਕਿ ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਪੰਜ ਸਾਲ ਸੀਨੀਅਰ ਡਿਪਟੀ ਮੇਅਰ ਰਹੀ, ਪਰ ਆਮ ਲੋਕਾਂ ਲਈ ਕਦੇ ਹਾਜ਼ਰ ਨਹੀਂ ਹੋਈ। ਉਨਾਂਂ ਦਾ ਦਫਤਰ ਹਮੇਸ਼ਾ ਬੰਦ ਰਹਿੰਦਾ ਸੀ। ਉਨਾਂਂ ਦੇ ਇਲਾਕੇ ਵਿੱਚ ਗੰਦਾ ਪਾਣੀ ਖੜ੍ਹਾ ਹੈ ਕਿਉਂਕਿ ਉਹ ਉੱਥੇ ਟਿਊਬਵੈੱਲ ਵੀ ਨਹੀਂ ਲਗਵਾ ਸਕੀ। ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਉਥੇ ਟਿਊਬਵੈੱਲ ਲਗਾਏ ਗਏ।
ਟੀਨੂੰ ਨੇ ਕਾਂਗਰਸ ਪਾਰਟੀ ‘ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਕਾਂਗਰਸੀ ਆਗੂ ਭ੍ਰਿਸ਼ਟਾਚਾਰ ਨੂੰ ਆਪਣਾ ਹੱਕ ਸਮਝਦੇ ਹਨ। ਜਦੋਂ ਵੀ ਉਨ੍ਹਾਂ ਨੂੰ ਸੱਤਾ ਮਿਲਦੀ ਹੈ, ਉਹ ਲੋਕਾਂ ਦੇ ਵਿਕਾਸ ਦੀ ਬਜਾਏ ਆਪਣੇ ਪਰਿਵਾਰ ਦੀ ਤਰੱਕੀ ਲਈ ਹੀ ਕੰਮ ਕਰਦੇ ਹਨ। ਕਾਂਗਰਸ ਪਾਰਟੀ ਉਹ ਪਾਰਟੀ ਹੈ ਜੋ ਪੂਰੇ ਦੇਸ਼ ਨੂੰ ਭ੍ਰਿਸ਼ਟਾਚਾਰ ਵੱਲ ਧੱਕ ਰਹੀ ਹੈ।