ਭਗਵੰਤ ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਨੇ ਸੂਬੇ ਦੇ ਵਿਦਿਆਰਥੀਆਂ ਨੂੰ ਆਪਣੇ ਕਾਰੋਬਾਰ ਸ਼ੁਰੂ ਕਰਨ ਵਿੱਚ ਕੀਤੀ ਮਦਦ; 20,000 ਤੋਂ ਵੱਧ ਵਿਦਿਆਰਥੀ ਉੱਦਮਾਂ ਨੇ ਪਹਿਲੇ ਹੀ ਸਾਲ ਕਮਾਏ 90 ਕਰੋੜ ਰੁਪਏ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ‘ਸਿੱਖਿਆ ਕ੍ਰਾਂਤੀ’ ਅਧੀਨ ਸੂਬੇ ਭਰ ਦੀਆਂ ਉਚੇਰੀ ਅਤੇ ਤਕਨੀਕੀ ਸਿੱਖਿਆ ਸੰਸਥਾਵਾਂ ਵਿੱਚ ਸ਼ੁਰੂ ਕੀਤੇ ਗਏ ਬਿਜ਼ਨਸ ਕਲਾਸ ਪ੍ਰੋਗਰਾਮ ਦੇ ਸਾਰਥਕ ਅਤੇ ਉਤਸ਼ਾਹਜਨਕ ਨਤੀਜੇ ਸਾਹਮਣੇ ਆ ਰਹੇ ਹਨ। ਬੀ.ਕਾਮ., ਬੀਬੀਏ, ਬੀ.ਟੈਕ. ਅਤੇ ਬੀ.ਵੋਕੇਸ਼ਨਲ ਕੋਰਸ ਕਰਨ ਵਾਲੇ ਵਿਦਿਆਰਥੀਆਂ ਅਤੇ ਆਈ.ਟੀ.ਆਈ. ਅਤੇ ਪੌਲੀਟੈਕਨਿਕ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਲਈ ਇੱਕ ਲਾਜ਼ਮੀ ਵਿਸ਼ੇ ਵਜੋਂ ਪੇਸ਼ ਕੀਤੇ ਗਏ ਇਸ ਪ੍ਰੋਗਰਾਮ ਤਹਿਤ ਪਹਿਲੇ ਸਾਲ ਦੌਰਾਨ ਸੂਬੇ ਭਰ ਦੇ ਲਗਭਗ 95,000 ਵਿਦਿਆਰਥੀਆਂ ਨੂੰ ਕਵਰ ਕੀਤਾ ਗਿਆ ਹੈ। ਇਸ ਪ੍ਰੋਗਰਾਮ ਤਹਿਤ 25,693 ਵਿਦਿਆਰਥੀਆਂ ਨੇ ਆਪਣੇ ਕਾਰੋਬਾਰ ਸ਼ੁਰੂ ਕੀਤੇ ਜਦੋਂ ਕਿ ਇਨ੍ਹਾਂ ਵਿੱਚੋਂ 20,241 ਉੱਦਮਾਂ ਨੇ ਪਹਿਲੇ ਸਾਲ ਵਿੱਚ ਹੀ ਲਗਭਗ 90 ਕਰੋੜ ਦੀ ਕਮਾਈ ਕੀਤੀ ਹੈ।

ਇਸ ਪ੍ਰਾਪਤੀ ਬਾਰੇ ਗੱਲ ਕਰਦਿਆਂ ਪੰਜਾਬ ਦੇ ਉਚੇਰੀ ਅਤੇ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ, “ਪੰਜਾਬ ਦਾ ਬਿਜ਼ਨਸ ਕਲਾਸ ਪ੍ਰੋਗਰਾਮ ਸਿੱਖਿਆ ਦੇ ਉਦੇਸ਼ ਨੂੰ ਮੁੜ ਪਰਿਭਾਸ਼ਿਤ ਕਰ ਰਿਹਾ ਹੈ। ਸਾਡਾ ਉਦੇਸ਼ ਸਿਰਫ਼ ਡਿਗਰੀਆਂ ਪ੍ਰਦਾਨ ਕਰਨਾ ਨਹੀਂ ਹੈ, ਸਗੋਂ ਨਵੀਨਤਕਾਰਾਂ, ਉੱਦਮੀਆਂ ਅਤੇ ਨੌਕਰੀਆਂ ਪੈਦਾ ਕਰਨ ਵਾਲੇ ਨੌਜਵਾਨ ਦੀ ਇੱਕ ਪੀੜ੍ਹੀ ਪੈਦਾ ਕਰਨਾ ਹੈ। ਇਸ ਪ੍ਰੋਗਰਾਮ ਤਹਿਤ ਲਗਭਗ 95,000 ਵਿਦਿਆਰਥੀਆਂ ਨੇ ਆਪਣੇ ਕਾਰੋਬਾਰ ਸਬੰਧੀ ਵਿਚਾਰਾਂ ‘ਤੇ ਕੰਮ ਕੀਤਾ ਅਤੇ 25,000 ਤੋਂ ਵੱਧ ਨੇ ਆਪਣੇ ਕਾਰੋਬਾਰ ਸ਼ੁਰੂ ਕੀਤੇ। ਇਸ ਪ੍ਰੋਗਰਾਮ ਦੇ ਪਹਿਲੇ ਹੀ ਸਾਲ ਵਿੱਚ ਸਮੂਹਿਕ ਤੌਰ ‘ਤੇ ਲਗਭਗ 90 ਕਰੋੜ ਰੁਪਏ ਦੀ ਕਮਾਈ ਵਾਲੇ ਕਾਰੋਬਾਰ ਸ਼ੁਰੂ ਕੀਤੇ ਗਏ। ਜਿਸ ਤੋਂ ਪਤਾ ਲਗਦਾ ਹੈ ਕਿ ਜਦੋਂ ਨੌਜਵਾਨਾਂ ਨੂੰ ਸਹੀ ਮੌਕੇ ਪ੍ਰਦਾਨ ਕੀਤੇ ਜਾਣ ਤਾਂ ਉਹ ਕਾਰੋਬਾਰ ਸਿਰਜ ਸਕਦੇ ਹਨ, ਰੁਜ਼ਗਾਰ ਪੈਦਾ ਕਰ ਸਕਦੇ ਹਨ ਅਤੇ ਸੂਬੇ ਦੀ ਆਰਥਿਕਤਾ ਵਿੱਚ ਸਾਰਥਕ ਯੋਗਦਾਨ ਪਾ ਸਕਦੇ ਹਨ।”

ਸਿੱਖਿਆ ਮੰਤਰੀ ਨੇ ਕਿਹਾ, “ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੀ ਸਿੱਖਿਆ ਕ੍ਰਾਂਤੀ ਸਾਡੇ ਨੌਜਵਾਨਾਂ ਨੂੰ ਨਾ ਸਿਰਫ਼ ਨੌਕਰੀਆਂ ਲਈ ਤਿਆਰ ਕਰ ਰਹੀ ਹੈ, ਸਗੋਂ ਭਵਿੱਖ ਵਿੱਚ ਹੋਰਨਾਂ ਲਈ ਮੌਕੇ ਪੈਦਾ ਕਰਨ ਲਈ ਤਿਆਰ ਕਰ ਰਹੀ ਹੈ।”

ਬਿਜ਼ਨਸ ਕਲਾਸ ਪ੍ਰੋਗਰਾਮ ਦਾ ਸਪੱਸ਼ਟ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਪੰਜਾਬ ਦੇ ਨੌਜਵਾਨ ਸਿਰਫ਼ ਨੌਕਰੀਆਂ ਪ੍ਰਾਪਤ ਕਰਨ ਦੀ ਇੱਛਾ ਹੀ ਨਾ ਰੱਖਣ ਸਗੋਂ ਰੁਜ਼ਗਾਰ ਪੈਦਾ ਕਰਨ ਅਤੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਣ। ਸੂਬੇ ਭਰ ਦੀਆਂ 20 ਯੂਨੀਵਰਸਿਟੀਆਂ, 494 ਕਾਲਜਾਂ, 320 ਆਈ.ਟੀ.ਆਈਜ਼ ਅਤੇ 91 ਪੌਲੀਟੈਕਨਿਕਾਂ ਵਿੱਚ 925 ਉਚੇਰੀ ਅਤੇ ਤਕਨੀਕੀ ਸਿੱਖਿਆ ਸੰਸਥਾਵਾਂ ਨੂੰ ਕਵਰ ਕਰਦਿਆਂ ਬੀ.ਕਾਮ., ਬੀ.ਬੀ.ਏ., ਬੀ.ਟੈਕ ਅਤੇ ਬੀ.ਵੋਕੇਸ਼ਨਲ ਕੋਰਸ ਕਰਨ ਵਾਲੇ ਵਿਦਿਆਰਥੀਆਂ ਲਈ ਅਕਾਦਮਿਕ ਸੈਸ਼ਨ 2025-26 ਦੌਰਾਨ ਦੋ-ਕ੍ਰੈਡਿਟ ਵਾਲੇ ਲਾਜ਼ਮੀ ਕੋਰਸ ਦੀ ਸ਼ੁਰੂਆਤ ਕੀਤੀ ਗਈ ਸੀ।

ਪਾਠ-ਪੁਸਤਕਾਂ ਅਤੇ ਪ੍ਰੀਖਿਆਵਾਂ ਤੱਕ ਸੀਮਤ ਰਵਾਇਤੀ ਸਿੱਖਿਆ ਦੇ ਉਲਟ, ਬਿਜ਼ਨਸ ਕਲਾਸ ਪ੍ਰੋਗਰਾਮ ਵਿਦਿਆਰਥੀਆਂ ਨੂੰ ਵਪਾਰਕ ਮੌਕਿਆਂ ਦੀ ਪਛਾਣ ਕਰਨ, ਗਾਹਕਾਂ ਦੀ ਖੋਜ ਕਰਨ, ਮਾਰਕੀਟ ਸਬੰਧੀ ਪ੍ਰਮਾਣਿਕਤਾ, ਬਿਜਨਸ ਸੈਟਅਪ, ਡਿਜੀਟਲ ਮੌਜੂਦਗੀ, ਕੀਮਤ ਸਬੰਧੀ ਰਣਨੀਤੀਆਂ, ਗਾਹਕ ਪ੍ਰਾਪਤ ਕਰਨ, ਵਿੱਤੀ ਯੋਜਨਾਬੰਦੀ, ਸੰਚਾਰ ਅਤੇ ਸਮੱਸਿਆ ਹੱਲ ਕਰਨ ਵਰਗੇ ਵਿਹਾਰਕ ਉੱਦਮੀ ਹੁਨਰਾਂ ਨਾਲ ਲੈਸ ਕਰਦਾ ਹੈ। ਨਤੀਜੇ ਵਜੋਂ, ਲਗਭਗ 57,000 ਵਿਦਿਆਰਥੀ (ਸਾਰੇ ਭਾਗੀਦਾਰਾਂ ਵਿੱਚੋਂ ਲਗਭਗ 60 ਫੀਸਦੀ) ਅਕਾਦਮਿਕ ਸੈਸ਼ਨ ਦੌਰਾਨ ਹੀ ਵਿਹਾਰਕ ਵਪਾਰਕ ਗਤੀਵਿਧੀਆਂ ਵਿੱਚ ਸ਼ਾਮਲ ਹੋਏ।

ਪ੍ਰੋਗਰਾਮ ਦੌਰਾਨ ਪੰਜਾਬ ਭਰ ਦੇ ਵਿਦਿਆਰਥੀਆਂ ਨੂੰ ਈ-ਕਾਮਰਸ, ਬੇਕਰੀ ਅਤੇ ਫੂਡ ਸੇਵਾਵਾਂ, ਡਿਜੀਟਲ ਸਮੱਗਰੀ ਤਿਆਰ ਕਰਨ, ਕੋਡਿੰਗ ਅਤੇ ਪੇਸ਼ੇਵਰ ਸੇਵਾਵਾਂ, ਗ੍ਰਾਫਿਕ ਡਿਜ਼ਾਈਨਿੰਗ, ਫਿੱਟਨੈਸ ਅਤੇ ਵੈਲਨੈਸ, ਪ੍ਰਚੂਨ, ਸੁੰਦਰਤਾ ਅਤੇ ਨਿੱਜੀ ਦੇਖਭਾਲ, ਖੇਤੀਬਾੜੀ ਅਧਾਰਤ ਉੱਦਮ, ਦਸਤਕਾਰੀ ਅਤੇ ਕਈ ਸਥਾਨਕ ਸੇਵਾ ਕਾਰੋਬਾਰਾਂ ਸਮੇਤ ਕਈ ਖੇਤਰਾਂ ਵਿੱਚ ਕਾਰੋਬਾਰ ਸ਼ੁਰੂ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਇਸ ਪਹਿਲਕਦਮੀ ਦਾ ਪ੍ਰਭਾਵ ਸੂਬੇ ਭਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਕੰਪਿਊਟਰ ਇੰਜਨੀਅਰਿੰਗ ਦੇ ਵਿਦਿਆਰਥੀ ਸੌਰਵ ਨੇ ਆਪਣੇ ਮਾਚਾ ਬੀਵੈਬਰੇਜ਼ ‘ਮੌਕ, ਇਨ ਮਾਚਾ’ ਰਾਹੀਂ ਕਾਲਜ ਦੇ ਸਮਾਗਮਾਂ ਵਿੱਚ ਆਪਣਾ ਪ੍ਰੌਡਕਟ ਵੇਚ ਕੇ ਲਗਭਗ 90,000 ਦੀ ਕਮਾਈ ਕੀਤੀ ਹੈ। ਇਸ ਉੱਦਮ ਨੇ ਆਪਣੇ ਵਿਲੱਖਣ ਫਲੇਵਰਾਂ ਅਤੇ ਤਾਜ਼ਗੀ ਦੇ ਕਾਰਨ ਪ੍ਰਸਿੱਧੀ ਹਾਸਲ ਕੀਤੀ।

Leave a Reply

Your email address will not be published. Required fields are marked *