ਫਰੀਦਕੋਟ ਹੋਇਆ ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਕਾਰਵਾਈ ਵਿੱਚ ਮੂਹਰਲੇ ਜ਼ਿਲ੍ਹਿਆਂ ਵਿੱਚ ਸ਼ਾਮਲ; ਅਪਰਾਧ ਵਿੱਚ 37% ਕਮੀ, ਲੁੱਟ ਖੋਹ ਦੇ ਮਾਮਲਿਆਂ ਵਿੱਚ 97% ਬਰਾਮਦਗੀ ਦਰਜ

ਚੰਡੀਗੜ੍ਹ/ਫਰੀਦਕੋਟ, 28 ਮਾਰਚ 2026:

ਭਗਵੰਤ ਮਾਨ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਹੇਠ ਨਸ਼ਿਆਂ ਖ਼ਿਲਾਫ਼ ਜ਼ੋਰਦਾਰ ਕਾਰਵਾਈ ਵਿੱਚ ਫਰੀਦਕੋਟ ਇੱਕ ਮਿਸਾਲ ਵਜੋਂ ਸਾਹਮਣੇ ਆਇਆ ਹੈ। ਜ਼ਿਲ੍ਹੇ ਵਿੱਚ ਕੁੱਲ ਅਪਰਾਧਾਂ ਵਿੱਚ 37% ਦੀ ਕਮੀ ਆਈ ਹੈ ਅਤੇ ;ਲੁੱਟਾਂ ਖੋਹਾਂ ਦੇ ਮਾਮਲਿਆਂ ਵਿੱਚ 97% ਦੀ ਬਰਾਮਦਗੀ ਦਰਜ ਕੀਤੀ ਗਈ ਹੈ, ਜੋ ਕਿ ਚੱਲ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਅਤੇ ‘ਓਪਰੇਸ਼ਨ ਪ੍ਰਹਾਰ’ ਮੁਹਿੰਮਾਂ ਦੇ ਪ੍ਰਭਾਵ ਨੂੰ ਦਰਸਾਉਂਦਾ ਹੈ।

ਇਹ ਬਦਲਾਅ ਸਖ਼ਤ ਕਾਰਵਾਈ, ਤਕਨਾਲੋਜੀ ਆਧਾਰਿਤ ਨਿਗਰਾਨੀ ਅਤੇ ਭਾਈਚਾਰਕ ਸਹਿਭਾਗਿਤਾ ਦੀ ਮਿਲੀ ਜੁਲੀ ਕੋਸ਼ਿਸ਼ਾਂ ਨਾਲ ਸੰਭਵ ਹੋਇਆ ਹੈ, ਜਿਸ ਨਾਲ ਸਥਾਨਕ ਨਸ਼ਾ ਤਸਕਰੀ ਜਾਲਾਂ ਨੂੰ ਕਮਜ਼ੋਰ ਕੀਤਾ ਗਿਆ ਹੈ ਅਤੇ ਜ਼ਮੀਨੀ ਪੱਧਰ ’ਤੇ ਕਾਨੂੰਨ-ਵਿਵਸਥਾ ਮਜ਼ਬੂਤ ਹੋਈ ਹੈ। ਭਗਵੰਤ ਮਾਨ ਸਰਕਾਰ ਵੱਲੋਂ ਨਸ਼ਾ ਤੰਤਰ ਨੂੰ ਖਤਮ ਕਰਨ ਲਈ ਕੀਤੀਆਂ ਜਾ ਰਹੀਆਂ ਕੇਂਦਰੀ ਕੋਸ਼ਿਸ਼ਾਂ ਹੁਣ ਜ਼ਿਲ੍ਹਾ ਪੱਧਰ ’ਤੇ ਸਪੱਸ਼ਟ ਨਤੀਜੇ ਦੇ ਰਹੀਆਂ ਹਨ।

ਪੁਲਿਸ ਅਧਿਕਾਰੀਆਂ ਮੁਤਾਬਕ, ਪਿੰਡ ਰੱਖਿਆ ਕਮੇਟੀਆਂ (VDC), ਗੈਰ-ਸਰਕਾਰੀ ਸੰਗਠਨਾਂ ਅਤੇ ਸਮਾਜਿਕ ਸੰਸਥਾਵਾਂ ਨਾਲ ਨਿਯਮਿਤ ਤੌਰ ‘ਤੇ ਹੋ ਰਹੀਆਂ ਤਾਲਮੇਲ ਮੀਟਿੰਗਾਂ ਨੇ ਜਮੀਨੀ ਪੱਧਰ ਦੀ ਖੁਫੀਆ ਜਾਣਕਾਰੀ ਨੂੰ ਕਾਫੀ ਮਜ਼ਬੂਤ ਕੀਤਾ ਹੈ। ਇਸ ਨਾਲ ਲੋਕਾਂ ਦੀ ਭਾਗੀਦਾਰੀ ਵਿੱਚ ਵਾਧਾ ਹੋਇਆ ਹੈ ਅਤੇ ਸਥਾਨਕ ਨਿਵਾਸੀ ਨਸ਼ਾ ਤਸਕਰਾਂ ਅਤੇ ਅਸਮਾਜਿਕ ਤੱਤਾਂ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਨ, ਜਿਸ ਨਾਲ ਪੁਲਿਸ ਨੂੰ ਤੁਰੰਤ ਅਤੇ ਨਿਸ਼ਨਾਬੱਧ ਕਾਰਵਾਈ ਕਰਨ ਵਿੱਚ ਮਦਦ ਮਿਲ ਰਹੀ ਹੈ।

ਜ਼ਿਲ੍ਹਾ ਪੁਲਿਸ ਮੁਖੀ (SSP) ਪ੍ਰਗਿਆ ਜੈਨ, IPS, ਨੇ ਕਿਹਾ, “ਲੋਕਾਂ ਵਿੱਚ ਪੁਲਿਸ ਪ੍ਰਤੀ ਭਰੋਸਾ ਵਧਿਆ ਹੈ ਕਿਉਂਕਿ ਸੂਚਨਾ ਦੇਣ ਵਾਲਿਆਂ ਦੀ ਪਹਿਚਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਂਦੀ ਹੈ ਅਤੇ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ। ਹਰ ਉਮਰ ਵਰਗ ਦੇ ਨਾਗਰਿਕ ਇਸ ਮੁਹਿੰਮ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਹਨ।” ਉਨ੍ਹਾਂ ਨੇ ਕਿਹਾ ਕਿ ਇਹ ਭਰੋਸਾ ਨਸ਼ਿਆਂ ਅਤੇ ਅਪਰਾਧ ਖ਼ਿਲਾਫ਼ ਕਾਰਵਾਈ ਲਈ ਇੱਕ ਮਹੱਤਵਪੂਰਨ ਤਾਕਤ ਵਜੋਂ ਸਾਹਮਣੇ ਆਇਆ ਹੈ।

ਤਕਨਾਲੋਜੀ ਨੇ ਵੀ ਇਸ ਬਦਲਾਅ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਫਰੀਦਕੋਟ ਦੇ ਮੁੱਖ ਸਥਾਨਾਂ ’ਤੇ CCTV ਕੈਮਰੇ ਲਗਾਏ ਗਏ ਹਨ, ਜਿਸ ਨਾਲ ਨਿਗਰਾਨੀ ਅਤੇ ਤੁਰੰਤ ਕਾਰਵਾਈ ਦੀ ਸਮਰੱਥਾ ਵਿੱਚ ਵਾਧਾ ਹੋਇਆ ਹੈ। ਢਿੱਲਵਾਂ ਕਲਾਂ ਪਿੰਡ ਵਿੱਚ ਵਿਆਪਕ CCTV ਨੈੱਟਵਰਕ ਲਿੰਕ ਰੋਡਾਂ ਅਤੇ ਨੇੜਲੇ ਹਾਈਵੇਅ ਨੂੰ ਕਵਰ ਕਰਦਾ ਹੈ ਅਤੇ ਇਸ ਦੀ ਲਾਈਵ ਪਹੁੰਚ ਪਿੰਡ ਪ੍ਰਸ਼ਾਸਨ ਅਤੇ ਪੁਲਿਸ ਦੋਹਾਂ ਕੋਲ ਹੈ, ਜਿਸ ਨਾਲ ਸ਼ੱਕੀ ਗਤੀਵਿਧੀਆਂ ’ਤੇ ਲਗਾਤਾਰ ਨਜ਼ਰ ਰੱਖੀ ਜਾਂਦੀ ਹੈ।

ਸਥਾਨਕ ਨਿਵਾਸੀਆਂ ਨੇ ਵੀ ਇਨ੍ਹਾਂ ਕਦਮਾਂ ਦੇ ਪ੍ਰਭਾਵ ਦੀ ਪੁਸ਼ਟੀ ਕੀਤੀ ਹੈ। ਪਿੰਡ ਦੇ ਸਰਪੰਚ ਰਾਜਵਿੰਦਰ ਸਿੰਘ  ਅਤੇ ਸੁਖਜੀਤ ਸਿੰਘ ਢਿੱਲਵਾਂ ਕੋਆਰਡੀਨੇਟਰ ਯੁੱਧ ਨਸ਼ਿਆ ਵਿਰੁੱਧ ਮਾਲਵਾ ਜੌਨ ਨੇ ਕਿਹਾ ਕਿ CCTV ਨਿਗਰਾਨੀ ਨਾਲ ਨਸ਼ਾ ਤਸਕਰੀ ਨਾਲ ਜੁੜੀਆਂ ਸ਼ੱਕੀ ਗਤੀਵਿਧੀਆਂ ਦੀ ਪਛਾਣ ਹੋ ਰਹੀ ਹੈ, ਜਿਸ ਨਾਲ ਸਮੇਂ ਸਿਰ ਪੁਲਿਸ ਦਖ਼ਲਅੰਦਾਜ਼ੀ ਅਤੇ ਗ੍ਰਿਫ਼ਤਾਰੀਆਂ ਸੰਭਵ ਹੋਈਆਂ ਹਨ।

ਸਿਵਲ ਸਮਾਜ ਦੇ ਪ੍ਰਤਿਨਿਧੀਆਂ ਨੇ ਵੀ ਇਸ ਬਦਲਾਅ ਨੂੰ ਸਵੀਕਾਰਦੇ ਹੋਏ ਕਿਹਾ ਕਿ ਲੋਕਾਂ ਦਾ ਭਰੋਸਾ ਵਧਿਆ ਹੈ ਅਤੇ ਅਪਰਾਧੀਆਂ ਵਿੱਚ ਡਰ ਪੈਦਾ ਹੋਇਆ ਹੈ। ਸਹਾਰਾ ਸੇਵਾ ਸੋਸਾਇਟੀ ਦੇ ਚੇਅਰਮੈਨ ਪ੍ਰਵੀਣ ਕਾਲਾ ਨੇ ਕਿਹਾ ਕਿ ਸਖ਼ਤ ਕਾਰਵਾਈ ਨਾਲ ਜ਼ਿਲ੍ਹੇ ਵਿੱਚ ਨਸ਼ਾ ਤਸਕਰੀ ਦੇ ਵੱਡੇ ਹਿੱਸੇ ਨੂੰ ਭੰਨਿਆ ਗਿਆ ਹੈ ਅਤੇ ਪੁਲਿਸ ਨਾਲ ਲੋਕਾਂ ਦਾ ਸਹਿਯੋਗ ਕਾਫੀ ਵਧਿਆ ਹੈ।
ਅਧਿਕਾਰੀਆਂ ਨੇ ਹੋਰ ਦੱਸਿਆ ਕਿ ਕਾਰਵਾਈ ਦੇ ਨਾਲ-ਨਾਲ ਲੰਬੇ ਸਮੇਂ ਲਈ ਨਸ਼ਾ ਵਿਰੋਧੀ ਜਾਗਰੂਕਤਾ ਵਧਾਉਣ ਲਈ ਮੁਹਿੰਮਾਂ ਵੀ ਚਲਾਈਆਂ ਜਾ ਰਹੀਆਂ ਹਨ। ਇਸ ਵਿੱਚ ਜਾਗਰੂਕਤਾ ਅਭਿਆਨ, ਸਥਾਨਕ ਪ੍ਰਸ਼ਾਸਨ ਨਾਲ ਸਹਿਯੋਗ ਅਤੇ ਭਾਈਚਾਰਕ ਪੱਧਰ ’ਤੇ ਵਾਤਾਵਰਣ ਸੰਬੰਧੀ ਗਤੀਵਿਧੀਆਂ ਅਤੇ ਬੂਟੇ ਵੰਡਣ ਵਰਗੇ ਉਪਰਾਲੇ ਸ਼ਾਮਲ ਹਨ।

ਭਗਵੰਤ ਮਾਨ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ਮੁਹਿੰਮ ਹੇਠ ਸਖ਼ਤ ਪੁਲਿਸਿੰਗ, ਤਕਨੀਕੀ ਇਕੀਕਰਨ ਅਤੇ ਮਜ਼ਬੂਤ ਨਾਗਰਿਕ ਭਾਗੀਦਾਰੀ ਨਾਲ ਫਰੀਦਕੋਟ ਨਵਾਂ ਮਿਆਰ ਸਥਾਪਤ ਕਰ ਰਿਹਾ ਹੈ, ਜੋ ਦਰਸਾਉਂਦਾ ਹੈ ਕਿ ਕਿਵੇਂ ਸਾਂਝੇ ਉਪਰਾਲਿਆਂ ਨਾਲ ਨਸ਼ੇ ਦੇ ਜਾਲਾਂ ਨੂੰ ਕਮਜ਼ੋਰ ਕਰਕੇ ਲੋਕਾਂ ਦਾ ਕਾਨੂੰਨ-ਵਿਵਸਥਾ ’ਤੇ ਭਰੋਸਾ ਮੁੜ ਕਾਇਮ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *