ਬਲਜੀਤ ਕੌਰ ਵੱਲੋਂ ਮਾਨਸਾ ਵਿਖੇ 9.12 ਕਰੋੜ ਰੁਪਏ ਦੀ ਲਾਗਤ ਵਾਲਾ ‘ਸਤਿਕਾਰ ਘਰ’ ਬਜ਼ੁਰਗਾਂ ਨੂੰ ਸਮਰਪਿਤ

ਚੰਡੀਗੜ੍ਹ/ਮਾਨਸਾ, 10 ਜਨਵਰੀ 2026: ਪੰਜਾਬ ਦੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਮਾਨਸਾ ਵਿਖੇ ਸਰਕਾਰੀ ਬਿਰਧ ਘਰ “ਸਤਿਕਾਰ ਘਰ” ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਬਜ਼ੁਰਗ ਸਾਡਾ ਸਰਮਾਇਆ ਹਨ ਅਤੇ ਬਿਰਧਾਂ ਦੀ ਸੇਵਾ – ਸੰਭਾਲ ਲਈ ਪੰਜਾਬ ਸਰਕਾਰ ਨੇ 9.12 ਕਰੋੜ ਦੀ ਲਾਗਤ ਨਾਲ “ਸਤਿਕਾਰ ਘਰ” ਬਣਾਇਆ ਹੈ।

ਡਾ. ਬਲਜੀਤ ਕੌਰ ਕਿਹਾ ਕਿ 72 ਬੈਡ ਵਾਲੇ ਇਸ “ਸਤਿਕਾਰ ਘਰ” ‘ਚ ਬਜ਼ੁਰਗਾਂ ਲਈ ਡੇਅ ਕੇਅਰ, ਭੋਜਨ, ਮੈਡੀਕਲ ਸਹੂਲਤਾਂ, ਲਾਇਬ੍ਰੇਰੀ, ਯੋਗਾ ਰੂਮ ਤੇ ਗੇਮ ਰੂਮ ਆਦਿ ਸਹੂਲਤਾਂ ਮੁਫ਼ਤ ਹਨ। ਡਾ. ਬਲਜੀਤ ਕੌਰ ਨੇ ਕਿਹਾ ਕਿ ਬਜ਼ੁਰਗਾਂ ਲਈ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਹਨ ਅਤੇ ਸਿਹਤ ਕੈਂਪ ਵੀ ਆਉਣ ਵਾਲੇ ਦਿਨਾਂ ‘ਚ ਸ਼ੁਰੂ ਕੀਤੇ ਜਾ ਰਹੇ ਹਨ।

ਇਸ ਮੌਕੇ ਉਨ੍ਹਾਂ “ਸਤਿਕਾਰ ਘਰ” ‘ਚ ਰਹਿ ਰਹੇ ਬਿਰਧਾਂ ਨਾਲ ਮੁਲਾਕਾਤ ਕੀਤੀ ਅਤੇ ਓਨ੍ਹਾਂ ਦਾ ਸਨਮਾਨ ਕੀਤਾ। ਇਸ ਮੌਕੇ ਉਨ੍ਹਾਂ ਸੂਬਾ ਪੱਧਰੀ ਧੀਆਂ ਦੇ ਸਮਾਗਮ ਮੌਕੇ 21 ਨਵਜੰਮੀਆਂ ਧੀਆਂ ਦਾ ਸਨਮਾਨ ਕੀਤਾ ਗਿਆ।

ਇਸ ਮੌਕੇ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਉਪਰਾਲੇ ਕਰ ਰਹੀ ਹੈ। ਸਰਕਾਰ ਵਲੋਂ ਜਿੱਥੇ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ, ਓਥੇ ਕਰੋੜਾਂ ਦੇ ਵਿਕਾਸ ਕਾਰਜ ਵੀ ਜਾਰੀ ਹਨ।

ਇਸਦੇ ਨਾਲ ਹੀ ਹਲਕਾ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋੜਵੰਦ ਬਜ਼ੁਰਗਾਂ ਦੀ ਬੁਢਾਪੇ ‘ਚ ਸੇਵਾ ਸੰਭਾਲ ਦਾ ਵੱਡਾ ਉਪਰਾਲਾ ਕੀਤਾ ਹੈ। ਸਿੰਗਲਾ ਨੇ ਕਿਹਾ ਕਿ ਮਾਨਸਾ ‘ਚ 40 ਕਰੋੜ ਤੋਂ ਵੱਧ ਲਾਗਤ ਨਾਲ ਸੀਵਰੇਜ ਪ੍ਰੋਜੈਕਟ ਜਾਰੀ ਹੈ, ਓਥੇ ਸੜਕਾਂ ਦੇ ਨਿਰਮਾਣ ਕਾਰਜ ਵੀ ਚੱਲ ਰਹੇ ਹਨ ਜੋ ਕਿ ਆਉਣ ਵਾਲੇ 3- 4 ਮਹੀਨਿਆਂ ‘ਚ ਮੁਕੰਮਲ ਹੋ ਜਾਣਗੇ।

ਇਸ ਮੌਕੇ ਡਾਇਰੈਕਟਰ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵਿੰਮੀ ਭੁੱਲਰ ਨੇ ਕਿਹਾ ਕਿ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਬਜ਼ੁਰਗਾਂ, ਮਹਿਲਾਵਾਂ ਅਤੇ ਬੱਚਿਆਂ ਦੀ ਭਲਾਈ ਲਈ ਲਗਾਤਾਰ ਵੱਖ ਵੱਖ ਪ੍ਰੋਜੈਕਟਾਂ ‘ਤੇ ਕੰਮ ਕਰ ਰਿਹਾ ਹੈ।

ਇਸ ਦੌਰਾਨ ਡਿਪਟੀ ਕਮਿਸ਼ਨਰ ਮੈਡਮ ਨਵਜੋਤ ਕੌਰ ਆਈ.ਏ.ਐੱਸ ਨੇ ਕੈਬਨਿਟ ਮੰਤਰੀ ਬਲਜੀਤ ਕੌਰ ਅਤੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਬਜ਼ੁਰਗਾਂ ਦੀ ਸੇਵਾ ਸੰਭਾਲ ਬੇਹਤਰੀਨ ਤਰੀਕੇ ਨਾਲ ਕੀਤੀ ਜਾਵੇਗੀ ਅਤੇ ਓਨ੍ਹਾਂ ਨੂੰ ਘਰ ਵਰਗਾ ਮਾਹੌਲ ਦਿੱਤਾ ਜਾਵੇਗਾ।

ਮੁੱਖ ਮਹਿਮਾਨ ਡਾਕਟਰ ਬਲਜੀਤ ਕੌਰ ਵਲੋਂ ਅਲਿਮਕੋ ਅਤੇ ਨੇਕੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਦਿਵਿਆਂਗਜਨ ਨੂੰ ਵ੍ਹੀਲ ਚੇਅਰਾਂ ਅਤੇ ਐਨਕਾਂ ਦੀ ਵੰਡ ਕੀਤੀ। ਇਸ ਤੋਂ ਇਲਾਵਾ ਵਿਦਿਅਕ, ਖੇਡਾਂ ਤੇ ਹੋਰ ਖੇਤਰਾਂ ‘ਚ ਮੋਹਰੀ ਧੀਆਂ ਦਾ ਸਨਮਾਨ ਕੀਤਾ ਅਤੇ ਬਜ਼ੁਰਗਾਂ ਨੂੰ ਪੈਨਸ਼ਨ ਪੱਤਰਾਂ ਦੀ ਵੰਡ ਕੀਤੀ। ਇਸ ਤੋਂ ਪਹਿਲਾਂ ਓਨ੍ਹਾਂ ਵਿਭਾਗਾਂ ਦੀਆਂ ਸਕੀਮਾਂ ਅਤੇ ਮੈਡੀਕਲ ਕੈਂਪ ਦਾ ਦੌਰਾ ਕੀਤਾ। ਇਸ ਮੌਕੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਵੰਨਗੀਆਂ ਵੀ ਪੇਸ਼ ਕੀਤੀਆਂ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਡਾ. ਸੁਮਨ ਬੱਤਰਾ ਵਲੋਂ ਨਿਭਾਈ ਗਈ।

Leave a Reply

Your email address will not be published. Required fields are marked *