ਵਿਜੀਲੈਂਸ ਬਿਊਰੋ ਵੱਲੋਂ ਬਹੁ-ਕਰੋੜੀ ਝੋਨਾ ਘੁਟਾਲੇ ਵਿੱਚ ਭਗੌੜਾ ਗੁਲਸ਼ਨ ਜੈਨ ਗ੍ਰਿਫ਼ਤਾਰ

ਪੰਜਾਬ ਵਿਜੀਲੈਂਸ ਬਿਊਰੋ (ਵੀ.ਬੀ.) ਨੇ ਅੰਮ੍ਰਿਤਸਰ ਜ਼ਿਲ੍ਹੇ ‘ਚ ਹੋਏ ਬਹੁ-ਕਰੋੜੀ ਝੋਨਾ ਘੁਟਾਲੇ ਵਿੱਚ ਲੋੜੀਂਦੇ ਭਗੌੜੇ (ਪੀ.ਓ.) ਗੁਲਸ਼ਨ ਜੈਨ ਨੂੰ ਗ੍ਰਿਫ਼ਤਾਰ ਕਰਕੇ ਅਹਿਮ ਸਫ਼ਲਤਾ ਹਾਸਲ ਕੀਤੀ ਹੈ। ਦੱਸਣਯੋਗ ਹੈ ਕਿ ਗੁਲਸ਼ਨ ਜੈਨ ਨੂੰ ਅਦਾਲਤ ਨੇ ਸਾਲ 2019 ਵਿੱਚ ਭਗੌੜਾ ਕਰਾਰ ਦਿੱਤਾ ਸੀ।

ਵਿਜੀਲੈਂਸ ਬਿਊਰੋ ਦੇ ਅਧਿਕਾਰਤ ਬੁਲਾਰੇ ਨੇ ਅੱਜ ਇਥੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਜੰਡਿਆਲਾ ਦੇ ਵਸਨੀਕ ਗੁਲਸ਼ਨ ਜੈਨ ਨੂੰ ਐਫ.ਆਈ.ਆਰ. ਨੰਬਰ 44  ਮਿਤੀ 05.04.2018 ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਇਹ ਕੇਸ ਪੁਲਿਸ ਥਾਣਾ ਜੰਡਿਆਲਾ ਗੁਰੂ (ਅੰਮ੍ਰਿਤਸਰ ਦਿਹਾਤੀ) ਵਿਖੇ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ 406, 409, 420, 467, 468, 471, ਅਤੇ 120-ਬੀ ਦੇ ਨਾਲ-ਨਾਲ ਭ੍ਰਿਸ਼ਟਾਚਾਰ ਰੋਕੂ ਐਕਟ 1988 ਦੀ ਧਾਰਾ 13 (1) (ਡੀ) ਅਤੇ 13 (2) ਦੇ ਤਹਿਤ ਦਰਜ ਕੀਤਾ ਗਿਆ ਸੀ।

ਉਨ੍ਹਾਂ ਅੱਗੇ ਦੱਸਿਆ ਕਿ ਵੀਰੂ ਮੱਲ ਮੁਲਖ ਰਾਜ ਰਾਈਸ ਮਿੱਲ ਦੇ ਡਾਇਰੈਕਟਰਾਂ/ਮਾਲਕਾਂ,  ਜੋ ਗੁਲਸ਼ਨ ਜੈਨ ਦੇ ਪਰਿਵਾਰਕ ਮੈਂਬਰ ਹਨ, ਸਮੇਤ 10 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਰਾਜ ਸਰਕਾਰ ਦੀਆਂ ਖਰੀਦ ਏਜੰਸੀਆਂ ਦੁਆਰਾ ਮਿੱਲ ਨੂੰ ਅਲਾਟ ਕੀਤੇ ਗਏ ਲਗਭਗ 33.6 ਕਰੋੜ ਰੁਪਏ ਦੀ ਕੀਮਤ ਦੇ ਝੋਨੇ ਦੀ ਹੇਰਾਫੇਰੀ ਅਤੇ ਗ਼ਬਨ ਵਿੱਚ ਕਥਿਤ ਸ਼ਮੂਲੀਅਤ ਲਈ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਅਧਿਕਾਰੀਆਂ ‘ਤੇ ਵੀ ਕੇਸ ਦਰਜ ਕੀਤਾ ਗਿਆ ਸੀ।

ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਡੀ.ਐਫ.ਐਸ.ਓ. ਰਮਿੰਦਰ ਸਿੰਘ ਬਾਠ, ਏ.ਐਫ.ਐਸ.ਓ. ਸ੍ਰੀਮਤੀ ਵਿਪਨ ਸ਼ਰਮਾ, ਇੰਸਪੈਕਟਰ ਗੁਰਜਿੰਦਰ ਕੁਮਾਰ, ਸਟੈਟਿਸਟਿਕ ਟੈਕਨੀਕਲ ਅਸਿਸਟੈਂਟ (ਐਸ.ਟੀ.ਏ.) ਪਰਮਿੰਦਰ ਸਿੰਘ ਭਾਟੀਆ ਅਤੇ ਡੀ.ਐਫ.ਐਸ.ਸੀ. ਅੰਮ੍ਰਿਤਪਾਲ ਸਿੰਘ ਨੂੰ ਪਹਿਲਾਂ ਹੀ ਗ੍ਰਿਫਤਾਰ ਕਰਕੇ ਉਨ੍ਹਾਂ ਵਿਰੁੱਧ ਸਬੰਧਤ ਅਦਾਲਤ ਵਿੱਚ ਚਲਾਨ ਵੀ ਪੇਸ਼ ਕੀਤਾ ਜਾ ਚੁੱਕਾ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਮਿੱਲ ਦੇ ਡਾਇਰੈਕਟਰਾਂ/ਮਾਲਕਾਂ ਨੇ ਜੰਡਿਆਲਾ ਗੁਰੂ ਸਥਿਤ ਪੰਜਾਬ ਨੈਸ਼ਨਲ ਬੈਂਕ ਨਾਲ ਵੀ ਕਥਿਤ ਤੌਰ ‘ਤੇ 200 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਸੀ। ਇਸ ਮਾਮਲੇ ਦੀ ਜਾਂਚ 24.04.2018 ਨੂੰ ਪੰਜਾਬ ਵਿਜੀਲੈਂਸ ਬਿਊਰੋ ਨੂੰ ਸੌਂਪੀ ਗਈ ਸੀ। ਮੌਜੂਦਾ ਸਮੇਂ  ਵਿਜੀਲੈਂਸ ਬਿਊਰੋ ਦੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਮੋਹਾਲੀ ਵਿੱਚ ਆਰਥਿਕ ਅਪਰਾਧ ਵਿੰਗ (ਈ.ਓ.ਡਬਲਯੂ.) ਦੇ ਵਧੀਕ ਇੰਸਪੈਕਟਰ ਜਨਰਲ (ਏ.ਆਈ.ਜੀ.) ਦੀ ਨਿਗਰਾਨੀ ਹੇਠ ਅਗਲੇਰੀ ਜਾਂਚ ਜਾਰੀ ਹੈ।

ਜ਼ਿਕਰਯੋਗ ਹੈ ਕਿ ਸਮਰੱਥ ਅਦਾਲਤ ਵੱਲੋਂ ਗੁਲਸ਼ਨ ਜੈਨ ਸਮੇਤ ਪੰਜ ਮੁਲਜ਼ਮਾਂ ਨੂੰ ਸਾਲ 2019 ਵਿੱਚ ਭਗੌੜਾ ਕਰਾਰ ਦਿੱਤਾ ਗਿਆ ਸੀ।

ਮਿਤੀ 03.07.2024 ਨੂੰ ਆਪਣੀ ਘੋਸ਼ਣਾ ਅਤੇ ਲੁੱਕ ਆਉਟ ਸਰਕੁਲਰ (LOC) ਨੂੰ ਇੱਕ ਪਾਸੇ ਰੱਖਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਗੁਲਸ਼ਨ ਜੈਨ ਨੂੰ 30.09.2024 ਜਾਂ ਇਸ ਤੋਂ ਪਹਿਲਾਂ ਸਬੰਧਤ ਅਦਾਲਤ ਵਿੱਚ ਸਮਰਪਣ ਕਰਨ ਦਾ ਹੁਕਮ ਦਿੱਤਾ ਸੀ। ਉਨ੍ਹਾਂ ਕਿਹਾ ਕਿ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਏ.ਆਈ.ਜੀ, ਈ.ਓ.ਡਬਲਯੂ, ਪੰਜਾਬ ਦੇ ਦਫ਼ਤਰ ਨੇ ਇਸ ਮਾਮਲੇ ਸਬੰਧੀ ਡਾਇਰੈਕਟਰ ਬਿਊਰੋ ਆਫ਼ ਇਮੀਗ੍ਰੇਸ਼ਨ ਨੂੰ ਸੂਚਿਤ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਸੀ.ਬੀ.ਆਈ. ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ (ਆਈਜੀਆਈ) ਹਵਾਈ ਅੱਡੇ, ਨਵੀਂ ਦਿੱਲੀ ਤੋਂ ਗੁਲਸ਼ਨ ਜੈਨ ਨੂੰ ਏਜੰਸੀ ਵੱਲੋਂ ਦਰਜ ਹੋਰ ਕੇਸਾਂ ਦੇ ਸਬੰਧ ਗ੍ਰਿਫ਼ਤਾਰ ਕੀਤਾ ਸੀ। ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ (ਵੀ.ਬੀ.) ਨੇ ਉਸ ਦਾ ਪ੍ਰੋਡਕਸ਼ਨ ਵਾਰੰਟ ਹਾਸਲ ਕਰਨ ਤੋਂ ਬਾਅਦ ਵੀਰਵਾਰ ਨੂੰ ਉਕਤ ਮਾਮਲੇ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਹੈ। ਬੁਲਾਰੇ ਨੇ ਦੱਸਿਆ ਕਿ ਅਦਾਲਤ ਨੇ ਮੁਲਜ਼ਮ ਦਾ 5 ਦਿਨ ਦਾ ਪੁਲੀਸ ਰਿਮਾਂਡ ਦਿੱਤਾ ਹੈ।

Leave a Reply

Your email address will not be published. Required fields are marked *