ਫਤਿਹਗੜ੍ਹ ਸਾਹਿਬ,25 ਨਵੰਬਰ 2026 : ਪੰਜਾਬ ਦੇ ਸਰਹਿੰਦ ਵਿੱਚ ਇੱਕ ਵੱਡੇ ਰੇਲ ਹਾਦਸੇ ਦੀ ਸਾਜ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਬ੍ਰਾਹਮਣ ਮਾਜਰਾ ਫਲਾਈਓਵਰ ਨੇੜੇ ਕੁਝ ਸ਼ਰਾਰਤੀ ਅਨਸਰਾਂ ਨੇ ਰੇਲਵੇ ਟਰੈਕ ‘ਤੇ ਸੀਮਿੰਟ ਦੇ ਭਾਰੀ ਸਲੀਪਰ ਰੱਖ ਦਿੱਤੇ ਸਨ। ਸਮੇਂ ਸਿਰ ਜਾਣਕਾਰੀ ਮਿਲਣ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਵਿਭਾਗ, ਜੀਆਰਪੀ ਅਤੇ ਆਰਪੀਐਫ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਰੇਲਵੇ ਪੁਲਿਸ ਦੇ ਡੀਐਸਪੀ ਗੁਰਦੀਪ ਸਿੰਘ ਮੁਤਾਬਕ ਇਸ ਸਬੰਧੀ ਸਰਹਿੰਦ ਜੀਆਰਪੀ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ।ਫਿਲਹਾਲ ਇਸ ਘਟਨਾ ਵਿੱਚ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਅਤੇ ਮੁਲਜ਼ਮਾਂ ਦੀ ਪਛਾਣ ਵੀ ਨਹੀਂ ਹੋ ਸਕੀ ਹੈ। ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।