ਮੰਤਰੀ ਹਰਭਜਨ ਸਿੰਘ ਈਟੀਓ ਦੀ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਚੁਣੌਤੀ, ਸਪੱਸ਼ਟ ਕਰਨ: “ਜੇਕਰ ਮੇਰਾ ਬੇਟਾ ਪੀਸੀਐਸ ਮੇਨਜ਼ ਪਾਸ ਕਰਦਾ ਹੈ ਤਾਂ ਕੀ ਕਹਿਣਗੇ ਅਤੇ ਜੇਕਰ ਨਹੀਂ ਕਰਦਾ ਤਾਂ ਕੀ ਕਹਿਣਗੇ”

ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਪੀਸੀਐਸ ਮੇਨਜ਼ ਪ੍ਰੀਖਿਆ ਦੇ ਨਤੀਜੇ ਸਬੰਧੀ ਕੀਤੀਆਂ ਟਿੱਪਣੀਆਂ ‘ਤੇ ਅਕਾਲੀ ਦਲ (ਬਾਦਲ) ਦੇ ਆਗੂ ਬਿਕਰਮ ਸਿੰਘ ਮਜੀਠੀਆ ‘ਤੇ ਪਲਟਵਾਰ ਕੀਤਾ। ਉਨ੍ਹਾਂ ਮਜੀਠੀਆ ਨੂੰ ਚੁਣੌਤੀ ਦਿੱਤੀ ਕਿ ਉਹ ਅਟਕਲਾਂ ਲਗਾਉਣ ਦੀ ਬਜਾਏ ਪਹਿਲਾਂ ਉਨ੍ਹਾਂ ਦੇ ਬੇਟੇ ਹਰਸ਼ਜੀਤ ਸਿੰਘ ਦੇ ਨਤੀਜੇ ਦੇ ਦੋਵਾਂ ਸੰਭਾਵਿਤ ਪਹਿਲੂਆਂ ‘ਤੇ ਆਪਣਾ ਸਟੈਂਡ ਸਪੱਸ਼ਟ ਕਰਨ।

ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ‘ਤੇ ਬਿਕਰਮ ਸਿੰਘ ਮਜੀਠੀਆ ਦੀ ਪੋਸਟ ਦਾ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਪੀਸੀਐਸ ਨਤੀਜੇ ਬਾਰੇ ਸਪੱਸ਼ਟੀਕਰਨ ਮੰਗਣ ਲਈ ਅਕਾਲੀ ਆਗੂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਯਕੀਨੀ ਤੌਰ ‘ਤੇ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦੇਣਗੇ। ਹਾਲਾਂਕਿ, ਉਨ੍ਹਾਂ ਬਿਕਰਮ ਸਿੰਘ ਮਜੀਠੀਆ ਨੂੰ ਕਿਹਾ ਕਿ ਉਹ ਪਹਿਲਾਂ ਇਹ ਦੱਸਣ ਕਿ ਜੇਕਰ ਹਰਸ਼ਜੀਤ ਸਿੰਘ ਨੇ ਪੀਸੀਐਸ ਮੇਨਜ਼ ਪ੍ਰੀਖਿਆ ਪਾਸ ਕਰ ਲਈ ਹੈ ਤਾਂ ਉਨ੍ਹਾਂ ਦੀ ਕੀ ਪ੍ਰਤੀਕਿਰਿਆ ਹੋਵੇਗੀ, ਅਤੇ ਇਸ ਦੇ ਉਲਟ, ਜੇਕਰ ਸਫਲ ਉਮੀਦਵਾਰਾਂ ਦੀ ਸੂਚੀ ਵਿੱਚ ਉਨ੍ਹਾਂ ਦਾ ਨਾਮ ਨਹੀਂ ਆਉਂਦਾ ਤਾਂ ਉਹ ਕੀ ਕਹਿਣਗੇ। ਉਨ੍ਹਾਂ ਆਪਣੀ ਪੋਸਟ ਵਿੱਚ ਕਿਹਾ, “ਮੈਂ ਇਸ ਮਾਮਲੇ ਬਾਰੇ ਯਕੀਨੀ ਤੌਰ ‘ਤੇ ਸਪੱਸ਼ਟ ਕਰਾਂਗਾ। ਪਰ ਪਹਿਲਾਂ ਕਿਰਪਾ ਕਰਕੇ ਇਹ ਸਪੱਸ਼ਟ ਕਰੋ ਕਿ ਜੇਕਰ ਮੇਰੇ ਪੁੱਤਰ ਹਰਸ਼ਜੀਤ ਸਿੰਘ ਨੇ ਪੀਸੀਐਸ ਮੇਨਜ਼ ਪ੍ਰੀਖਿਆ ਪਾਸ ਕਰ ਲਈ ਹੈ ਤਾਂ ਤੁਹਾਡਾ ਕੀ ਸਟੈਂਡ ਹੋਵੇਗਾ। ਅਤੇ ਜੇਕਰ ਪੀਸੀਐਸ ਮੇਨਜ਼ ਦੀ ਸੂਚੀ ਵਿੱਚ ਉਸ ਦਾ ਨਾਮ ਨਹੀਂ ਆਉਂਦਾ, ਤਾਂ ਉਦੋਂ ਤੁਹਾਡੇ ਕੋਲ ਕਹਿਣ ਲਈ ਕੀ ਹੋਵੇਗਾ? ਮੈਨੂੰ ਤੁਹਾਡੇ ਜਵਾਬ ਦੀ ਉਡੀਕ ਰਹੇਗੀ।”

ਕੈਬਨਿਟ ਮੰਤਰੀ ਦਾ ਇਹ ਜਵਾਬ ਉਦੋਂ ਆਇਆ ਜਦੋਂ ਬਿਕਰਮ ਸਿੰਘ ਮਜੀਠੀਆ ਨੇ ਪੀਸੀਐਸ ਭਰਤੀ ਪ੍ਰਕਿਰਿਆ ‘ਤੇ ਸਵਾਲ ਉਠਾਉਂਦਿਆਂ ਇਸ ਗੱਲ ਦਾ ਸਪੱਸ਼ਟੀਕਰਨ ਮੰਗਿਆ ਸੀ ਕਿ ਕੀ ਉਨ੍ਹਾਂ ਦਾ ਪੁੱਤਰ ਮੇਨਜ਼ ਪ੍ਰੀਖਿਆ ਲਈ ਯੋਗ ਹੋਏ ਉਮੀਦਵਾਰਾਂ ਵਿੱਚ ਸ਼ਾਮਲ ਹੈ।

ਮੰਤਰੀ ਹਰਭਜਨ ਸਿੰਘ ਈਟੀਓ ਨੇ ਬਿਕਰਮ ਸਿੰਘ ਮਜੀਠੀਆ ਨੂੰ ਇਨ੍ਹਾਂ ਦੋ ਸਿੱਧੇ ਸਵਾਲਾਂ ਦੇ ਜਵਾਬ ਦੇਣ ਦੀ ਚੁਣੌਤੀ ਦਿੰਦਿਆਂ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਆਗੂ ਪ੍ਰੀਖਿਆ ਦੇ ਨਤੀਜੇ ਬਾਰੇ ਅਟਕਲਾਂ ਲਗਾਉਣ ਦੀ ਬਜਾਏ ਪਹਿਲਾਂ ਇਹ ਸਪੱਸ਼ਟ ਕਰਨ ਕਿ ਦੋਵਾਂ ਵਿੱਚੋਂ ਕਿਸੇ ਵੀ ਸਥਿਤੀ ਵਿੱਚ ਉਹ ਕੀ ਕਹਿਣਗੇ।

Leave a Reply

Your email address will not be published. Required fields are marked *