ਸਪੀਕਰ ਸੰਧਵਾਂ ਨੇ ਪੰਜਾਬ ਵਿਧਾਨ ਸਭਾ ਦਾ ਦੌਰਾ ਕਰਨ ਆਈਆਂ ਸਕੂਲੀ ਤੇ ਕਾਲਜ ਵਿਦਿਆਰਥਣਾਂ ਨੂੰ ਜੀਵਨ ‘ਚ ਸਫਲ ਹੋਣ ਅਤੇ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਆ

ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਚੰਡੀਗੜ੍ਹ ਅਤੇ ਮੁਹਾਲੀ ਦੇ ਸਕੂਲਾਂ ਅਤੇ ਕਾਲਜਾਂ ਦੀਆਂ 30 ਦੇ ਕਰੀਬ ਵਿਦਿਆਰਥਣਾਂ, ਜੋ ਪੰਜਾਬ ਵਿਧਾਨ ਸਭਾ ਦਾ ਦੌਰਾ ਕਰਨ ਆਈਆਂ ਸਨ, ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣਾ ਟੀਚਾ ਮਿੱਥ ਕੇ ਜੀਵਨ ‘ਚ ਸਫਲ ਹੋਣ ਅਤੇ ਚੰਗੇ ਨਾਗਰਿਕ ਬਣ ਕੇ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ।ਲੋਕ ਭਲਾਈ ਦੇ ਉਦੇਸ਼ ਤਹਿਤ ਕੰਮ ਕਰ ਰਹੀ ਇੱਕ ਸਵੈ-ਸੇਵੀ ਸੰਸਥਾ ਦੇ ਨਾਲ ਜੁੜੀਆਂ ਇਨ੍ਹਾਂ ਵਿਦਿਆਰਥਣਾਂ ਦੇ ਗਰੁੱਪ ਵੱਲੋਂ ਪੰਜਾਬ ਵਿਧਾਨ ਸਭਾ ਦਾ ਦੌਰਾ ਕੀਤਾ ਗਿਆ। ਸਪੀਕਰ ਸ. ਸੰਧਵਾਂ ਨੇ ਜਿੱਥੇ ਇਨ੍ਹਾਂ ਵਿਦਿਆਰਥਣਾਂ ਨਾਲ ਵਿਸਥਾਰ ‘ਚ ਵਿਚਾਰ-ਵਟਾਂਦਰਾ ਕੀਤਾ, ਉਥੇ ਹੀ ਉਨ੍ਹਾਂ ਨੂੰ ਰਾਜਨੀਤੀ, ਬਿਜ਼ਨਸ, ਆਈ.ਏ.ਐਸ, ਪੀ.ਸੀ.ਐਸ, ਡਾਕਟਰ ਅਤੇ ਸਾਇੰਸਦਾਨ ਬਣਨ ਲਈ ਵੀ ਪ੍ਰੇਰਿਆ।ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਅੱਜ ਦੇ ਵਿਦਿਆਰਥੀ, ਕੱਲ੍ਹ ਦੇ ਨੇਤਾ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ‘ਚ ਰਾਜਨੀਤੀ ‘ਚ ਆਉਣ ਦੀ ਰੁਚੀ ਹੋਣਾ ਚੰਗਾ ਸੰਕੇਤ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਜਾਗਰੂਕ ਰਹਿਣ ਦੀ ਪ੍ਰੇਰਣਾ ਦਿਦਿਆਂ ਕਿਹਾ ਕਿ ਸੂਬੇ ਅਤੇ ਦੇਸ਼ ‘ਚ ਵਾਪਰਦੀਆਂ ਕਾਨੂੰਨੀ, ਰਾਜਸੀ ਤੇ ਹੋਰਨਾਂ ਘਟਨਾਵਾਂ ‘ਤੇ ਤਿੱਖੀ ਨਜ਼ਰ ਰੱਖਣੀ ਰਾਜਨੀਤੀ ‘ਚ ਰੁਚੀ ਰੱਖਣ ਵਾਲਿਆਂ ਲਈ ਬੇਹੱਦ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਵੱਖ-ਵੱਖ ਘਟਨਾਵਾਂ ਦੀ ਪਰਖ-ਪੜਚੋਲ ਅਤੇ ਆਪਣਾ ਇੱਕ ਨਜ਼ਰੀਆ ਵਿਕਸਿਤ ਕਰਨਾ ਬੇਹੱਦ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਦੇਸ਼ ‘ਚ ਵਾਪਰਦਾ ਹਰ ਵਰਤਾਰਾ ਰਾਜਨੀਤੀ ਨਾਲ ਜੁੜਿਆ ਹੋਇਆ ਹੈ। ਇਸ ਲਈ ਜੇਕਰ ਵਿਦਿਆਰਥੀਆਂ ਦੀ ਰਾਜਨੀਤੀ ਵਿੱਚ ਦਿਲਚਸਪੀ ਹੈ ਤਾਂ ਉਹ ਅੱਗੇ ਵਧਣ ਅਤੇ ਇਹ ਜਾਣਨ ਦੀ ਕੋਸ਼ਿਸ਼ ਕਰਨ ਕਿ ਦੇਸ਼ ਵਿੱਚ ਕੀ ਵਾਪਰ ਰਿਹਾ ਹੈ। ਸਪੀਕਰ ਨੇ ਕਿਹਾ ਕਿ ਨੌਜਵਾਨਾਂ ਵੱਲੋਂ ਰਾਜਨੀਤੀ ਵਿੱਚ ਆਉਣ ਨਾਲ ਰਾਜਨੀਤੀ ਵਿੱਚ ਵੱਡਾ ਸੁਧਾਰ ਹੋਵੇਗਾ।ਸਪੀਕਰ ਨਾਲ ਗੱਲਬਾਤ ਦੌਰਾਨ ਜਦੋਂ ਸੈਕਰਡ ਹਾਰਟ ਸੀਨੀਅਰ ਸੈਕੰਡਰੀ ਚੰਡੀਗੜ੍ਹ ਸਕੂਲ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਰਾਧਿਕਾ ਨੇ ਰਾਜਨੀਤੀ ‘ਚ ਆਉਣ ਅਤੇ ਪੰਜਾਬ ਵਿਧਾਨ ਸਭਾ ਦੀ ਸਪੀਕਰ ਬਣਨ ਦੀ ਇੱਛਾ ਜ਼ਾਹਿਰ ਕੀਤੀ, ਤਾਂ ਸ. ਸੰਧਵਾਂ ਨੇ ਉਸਨੂੰ ਸਪੀਕਰ ਦੀ ਕੁਰਸੀ ‘ਤੇ ਬਿਠਾਉਣ ਲਈ ਕਿਹਾ। ਉਸਨੂੰ ਵੀ.ਆਈ.ਪੀ. ਰੂਟ ਰਾਹੀਂ ਲਿਜਾ ਕੇ ਸਪੀਕਰ ਦੀ ਕੁਰਸੀ ‘ਤੇ ਬਿਠਾਇਆ ਗਿਆ ਅਤੇ ਹਾਜ਼ਰ ਸਮੂਹ ਵਿਦਿਆਰਥਣਾਂ ਨੂੰ ਵਿਧਾਨਕ ਕੰਮਕਾਰ, ਵਿਰੋਧੀ ਧਿਰ ਅਤੇ ਸੱਤਾ ਧਿਰ ਆਦਿ ਬਾਰੇ ਜਾਣਕਾਰੀ ਵੀ ਦਿੱਤੀ ਗਈ।

Leave a Reply

Your email address will not be published. Required fields are marked *